Home
ਸਿੱਖ ਨਿਆਂ ਪ੍ਰਣਾਲੀ ਅਤੇ ਆਤਮਘਾਤੀ ਲੜਾਈਆਂ – ਭਾਗ ਪਹਿਲਾ
ਵਰਪਾਲ ਸਿੰਘ

ਪ੍ਰੋ: ਸਰਬਜੀਤ ਸਿੰਘ ਧੂੰਦਾ ਨੂੰ ਕੁੱਝ ਨਲਾਇਕ ਜਥੇਦਾਰਾਂ ਵਲੋਂ ਅਕਾਲ ਤਖਤ ਸਾਹਿਬ ਦੇ ਨਾਮ ਤੇ ਭੇਜੀ ਚਿੱਠੀ ਨਾਲ ਕੌਮ ਦੇ ਜਾਗਰੂਕਾਂ ਵਿਚ ਬਹਿਸ ਬੜੇ ਜੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਆਮ ਕਹਾਵਤ ਹੈ ਕਿ ਹਰ ਕੰਮ ਵਿਚ ਕੁੱਝ ਨਾ ਕੁੱਝ ਚੰਗਾ ਹੁੰਦਾ ਹੈ। ਭਾਵੇਂ ਪ੍ਰੋ: ਧੂੰਦਾ ਹੋਰਾਂ ਤੇ ਲੱਗੀਆਂ ਤੋਹਮਤਾਂ ਨਾਲ (ਅਤੇ ਕੌਮ ਵਿਚ ਆ ਗਈਆਂ ਕਮਜੋਰੀਆਂ ਨਾਲ ਜਿਹਨਾਂ ਦੇ ਨਤੀਜੇ ਵਜੋਂ ਇਹ ਨਲਾਇਕ ਜਥੇਦਾਰ ਕੌਮ ਦੇ ਸਿਰ ਤੇ ਬੈਠੇ ਹਨ) ਦਿਲ ਦੁੱਖੀ ਹੁੰਦਾ ਹੈ ਪਰ ਇਹ ਆਸ ਵੀ ਹੈ ਕਿ ਇਸ ਨਾਲ ਕੌਮ ਵਿਚ ਕਈ ਮਹੱਤਪੂਰਣ ਮੁੱਦਿਆਂ ਤੇ ਉਸਾਰੂ ਵਿਚਾਰਾਂ ਕਰਣ ਦਾ ਸਬੱਬ ਬਣ ਗਿਆ ਹੈ।

ਇਹਨਾਂ ਮੁੱਦਿਆਂ ਵਿਚੋਂ ਇਕ ਹੈ ਕਿ ਅਕਾਲ ਤਖਤ ਦਾ ਸਿਧਾਂਤ ਹੈ ਕੀ? ਸਵਾਲ ਬੜਾ ਜਾਇਜ਼ ਹੈ ਤੇ ਇਸ ਨੂੰ ਸਮਝਣਾ ਸਾਡੇ ਲਈ ਜਰੂਰੀ ਵੀ ਬਹੁਤ ਹੈ ਖਾਸ ਤੌਰ ਤੇ ਅਜੋਕੇ ਸਮੇਂ ਵਿਚ ਜਿਥੇ ਹਰ ਕੋਈ ਆਪਣੇ ਵਲੋਂ ਝੱਲੇ ਕਿਸੇ ਵੀ ਦੁੱਖ ਦਾ ਮੁੱਲ ਲੈਣਾ ਚਾਹੁੰਦਾ ਹੈ – ਇਹ ਮੁੱਲ ਉਹ ਭਾਵੇਂ ਮਾਇਆ ਦੇ ਰੂਪ ਵਿਚ ਚਾਹਵੇ ਤੇ ਭਾਵੇਂ ਆਪਣੀ ਗੱਲ ਮਨਵਾ ਕੇ। ਮਿਸਾਲ ਵਜੋਂ ਇਕ ਵੀਰ ਨੇ ਇਕ ਖੁੱਲ੍ਹੀ ਚਿੱਠੀ ਦੇ ਰੂਪ ਵਿਚ ਕਈ ਤਰਾਂ੍ਹ ਦੇ ਤਾਨ੍ਹੇ-ਮੇਣ੍ਹੇ ਮਾਰ ਦਿੱਤੇ ਕਿ ਉਹਨਾਂ ਵਲੋਂ ਕੌਮ ਨੂੰ ਦਿਤੀਆਂ ਸੇਵਾਵਾਂ ਦਾ ਕਈ ਹਲਕਿਆਂ ਵਲੋਂ ਨੀਤੀ ਦੇ ਨਾਮ ਤੇ ਨਿਰਾਦਰ ਹੋ ਰਿਹਾ ਹੈ। ਤੇ ਅਜਿਹਾ ਕਰਨ ਵਿਚ ਇਸ ਮੇਰੇ ਵੀਰ ਨੇ ਗੁਰੂ ਸਾਹਿਬਾਨ ਤੋਂ ਲੈ ਕੇ ਪ੍ਰੋ: ਦਰਸ਼ਨ ਸਿੰਘ ਹੋਰਾਂ ਨੂੰ ਆਪਣੇ ਹੱਕ ਵਿਚ ਭੁਗਤਾ ਲਿਆ।

ਜੱਦ ਮੈਂ ਇਹ ਖੁੱਲੀ ਚਿੱਠੀ ਪੜ੍ਹ ਰਿਹਾ ਸੀ ਤਾਂ ਮੈਨੂੰ ਆਪਣੇ ਪਿਤਾ ਜੀ ਦੀ ਬੜਾ ਸਮਾਂ ਪਹਿਲਾਂ ਕਹੀ ਗੱਲ ਯਾਦ ਆ ਗਈ। ਪਿਤਾ ਜੀ ਹੋਰਾਂ ਨੂੰ ਵਕਾਲਤ ਕਰਦਿਆਂ ਅੱਜ ਪੰਜਾਹ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ। ਤੇ ਇਸ ਸਮੇਂ ਦੌਰਾਨ ਉਹਨਾਂ ਜੱਜਾਂ ਨੂੰ ਨਿਆਂ ਕਰਨ ਵਾਲੀਆਂ ਸਨਮਾਨਤ ਸ਼ਖਸੀਅਤਾਂ ਤੋਂ, ਪੈਸਾ ਲੈ ਕੇ ਅਨਿਆਂ ਕਰਨ ਵਾਲੇ ਅਤਿਆਚਾਰੀ ਬਣਦਿਆਂ ਆਪਣੀਆਂ ਅੱਖਾਂ ਨਾਲ ਵੇਖਿਆ। ਗੱਲ ਮੈਨੂੰ ਉਹਨਾਂ ਦੀ ਉਹ ਯਾਦ ਆਈ ਜਿਹੜੀ ਅੱਜ ਤੋਂ ਤਕਰੀਬਨ ਦੋ ਦਹਾਕੇ ਪਹਿਲਾਂ ਉਹਨਾਂ ਮੇਰੇ ਵਲੋਂ ਕੀਤੀ ਜਾ ਰਹੀ ਉਹਨਾਂ ਨਾਲ ਇਕ “ਬਹਿਸ” ਦੌਰਾਨ ਕਹੀ। “ਬਹਿਸ” ਸ਼ਬਦ ਇੱਥੇ ਬਿਲਕੁੱਲ ਸਹੀ ਢੁੱਕਦਾ ਹੈ ਕਿਉਂਕਿ ਉਹਨਾਂ ਦਿਨਾਂ ਵਿਚ ਮੈਂ (੧੫-੧੬ ਸਾਲ ਦਾ ਮੁੱਛ-ਫੁੱਟ) ਬਹਿਸਦਾ ਹੀ ਹੁੰਦਾ ਸੀ ਤੇ ਮੈਨੂੰ ਚਾਅ ਹੁੰਦਾ ਸੀ ਦੂਜੇ ਤੋਂ ਆਪਣੀ ਗੱਲ ਮਨਵਾਉਣ ਦਾ। ਜਦੋਂ ਆਪਣੀ ਦਲੀਲ ਦਿੰਦਿਆਂ ਮੇਰੀ ਅਵਾਜ ਜਿਆਦਾ ਹੀ ਉੱਚੀ ਹੁੰਦੀ ਗਈ ਤਾਂ ਬਜੁਰਗ ਪਹਿਲਾਂ ਨਾਲੋਂ ਵੀ ਹੌਲੀ ਅਵਾਜ ਵਿੱਚ ਮੈਨੂੰ ਕਹਿਣ ਲੱਗੇ, “ਕਾਕਾ ਬਹਿਸ ਤੇ ਵਿਚਾਰ ਵਿੱਚ ਸਿਰਫ ਇੰਨਾ ਹੀ ਫਰਕ ਹੈ ਕਿ ਬਹਿਸ ਜਿੱਤਣ ਲਈ ਕੀਤੀ ਜਾਂਦੀਐ ਤੇ ਵਿਚਾਰ ਕਿਸੇ ਸਵਾਲ ਦਾ ਜਵਾਬ ਜਾਂ ਕਿਸੇ ਮਸਲੇ ਦਾ ਹੱਲ ਲੱਭਣ ਲਈ। ਬਹਿਸਾਂ ਦੁਸ਼ਮਣਾਂ ਨਾਲ ਹੁੰਦੀਐ ਤੇ ਵਿਚਾਰਾਂ ਆਪਣਿਆਂ ਨਾਲ।”

ਬੱਸ ਉਹ ਦਿਨ ਤੇ ਅੱਜ ਦਾ ਦਿਨ, ਮੇਰੀ ਗੱਲ ਬਾਤ ਜਦੋਂ ਬਹਿਸ ਦਾ ਰੂਪ ਲੈਣ ਲੱਗਦੀ ਹੈ ਤਾਂ ਮੈਨੂੰ ਪਿਤਾ ਜੀ ਦੀ ਇਹ ਗੱਲ ਚੇਤੇ ਆ ਜਾਂਦੀ ਹੈ ਤੇ ਜਿਵੇਂ ਸੋਚ ਤੇ ਇੱਕ ਬਰੇਕ ਜਿਹੀ ਲੱਗਣ ਲੱਗ ਪੈਂਦੀ ਹੈ ਤੇ ਸੋਚ ਦੀ ਗੱਡੀ ਉਸਾਰੂ ਪਾਸੇ ਮੋੜਣੀ ਸੌਖੀ ਹੋ ਜਾਂਦੀ ਹੈ। ਇਹ ਲੇਖ ਲਿਖਣ ਲੱਗਿਆਂ ਆਸ ਮੇਰੀ ਇਹ ਹੈ ਕਿ ਆਪਾਂ ਦੁਸ਼ਮਣਾਂ ਵਾਂਗ ਬਹਿਸੀਏ ਨਾ ਬਲਕਿ ਆਪਣਿਆਂ ਨਾਲ ਵਿਚਾਰਾਂ ਕਰੀਏ ਤੇ ਉਸਾਰੂ ਹੱਲ ਲੱਭ ਕੇ ਕੌਮ ਨੂੰ ਦਰਪੇਸ਼ ਮਸਲਿਆਂ ਨੂੰ ਨਜਿੱਠੀਏ।

ਮੈਂ ਆਪਣੇ ਪਿਛਲੇ ਲੇਖ ਵਿਚ ਆਰ. ਐੱਸ. ਐੱਸ. ਦੀ ਗੱਲ ਕੀਤੀ ਸੀ। ਸੰਨ 2001-2002 ਦੀ ਗੱਲ ਹੈ ਕਿ ਮੈਂ ਇੰਸਟੀਚਿਊਟ ਆਫ ਸਿੱਖ ਸਟੱਡੀਜ਼, ਚੰਡੀਗੜ੍ਹ ਵਿਖੇ ਕੰਮ ਕਰ ਰਿਹਾ ਸੀ। ਡਾ: ਗੁਰਬਖਸ਼ ਸਿੰਘ ਹੋਰੀਂ ਉਦੋਂ SGPC ਦੇ ਧਰਮ ਪ੍ਰਚਾਰ ਦੇ ਡਾਇਰੈਕਟਰ ਹੁੰਦੇ ਸਨ। ਉਹਨਾਂ ਇਹ ਗੱਲ ਉਹਨਾਂ ਦਿਨਾਂ ਵਿਚ ਕਹੀ ਸੀ ਕਿ SGPC ਦੇ ਕਰਤਾ-ਧਰਤਾਵਾਂ ਵਿਚ ਇਹ ਗੱਲ ਆਮ ਕਹੀ ਜਾ ਰਹੀ ਹੈ ਕਿ ਬਾਦਲ ਕਿਆਂ ਦਾ ਆਰ. ਐੱਸ. ਐੱਸ. ਨਾਲ ਫੈਸਲਾ ਹੋ ਗਿਆ ਹੈ ਪਈ ਅਗਲੀਆਂ SGPC ਦੀਆਂ ਚੋਣਾਂ ਵਿਚ 40 ਮੈਂਬਰ ਆਰ. ਐੱਸ. ਐੱਸ. ਦੇ ਬਾਦਲ ਦੱਲ ਵਲੋਂ ਖੜੇ ਹੋਣਗੇ। ਇਸ ਗੱਲ ਨੂੰ ਤਕਰੀਬਨ ਦੱਸ ਸਾਲ ਬੀਤ ਗਏ। ਅੱਜ ਤਾਂ ਇਉਂ ਜਾਪਦਾ ਹੈ ਕਿ SGPC ਵਿਚ ਸ਼ਾਇਦ ਹੀ ਕੋਈ ਗੁਰੂ ਕਾ ਸਿੱਖ ਬਚਿਆ ਹੈ। ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਾਡਾ ਦੁਸ਼ਮਣ ਬੜਾ ਸ਼ਾਤਰ ਹੈ ਤੇ ਉਸ ਨਾਲ ਜਜ਼ਬਾਤੀ ਲੜਾਈ ਨਹੀਂ ਲੜੀ ਜਾਣੀ ਬਲਕਿ ਦਿਮਾਗੀ ਲੜਾਈ ਹੀ ਲੜ ਹੋਣੀ ਹੈ। ਇਸ ਸੰਬਧ ਵਿਚ ਮੇਰੀ ਖੁਲ੍ਹੀ ਚਿੱਠੀ ਲਿਖਣ ਵਾਲੇ ਵੀਰ ਨੂੰ ਬੇਨਤੀ ਹੈ ਕਿ ਮੇਰੀ ਗੱਲ ਦਾ ਗੁੱਸਾ ਕਰਣ ਤੋਂ ਪਹਿਲਾਂ ਇਸ ਨੂੰ ਥੋੜ੍ਹਾ ਵਿਚਾਰ ਜਰੂਰ ਲਿਓ। ਤੇ ਇਹ ਵੀ ਵਿਚਾਰ ਲਿਓ ਕਿ “ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥”

ਜਿਹੜੀਆਂ ਕਾਰਵਾਈਆਂ ਅਕਾਲ ਤਖਤ ਤੋਂ ਅੱਜ ਕੀਤੀਆਂ ਜਾ ਰਹੀਆਂ ਹਨ ਇਉਂ ਜਾਪਦਾ ਹੈ ਕਿ ਉਹਨਾਂ ਪਿੱਛੇ ਆਰ. ਐੱਸ. ਐੱਸ. ਦਾ ਟੀਚਾ ਸਰਬਤ ਖਾਲਸੇ ਵਾਂਗ ਅਕਾਲ ਤਖਤ ਦੇ ਮੌਜੂਦਾ ਨਿਜਾਮ ਨੂੰ ਖਤਮ ਕਰਣਾ ਹੈ। ਯਾਨਿ ਸਾਡੀ ਕੌਮ ਦੀ ਨਿਆਂ ਪ੍ਰਣਾਲੀ ਨੂੰ ਖਤਮ ਕਰਕੇ ਸਾਨੂੰ ਹੋਰ ਗੁਲਾਮੀ ਵੱਲ ਧੱਕਿਆ ਜਾ ਰਿਹਾ ਹੈ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਮੌਜੂਦਾ ਅਕਾਲ ਤਖਤ ਦਾ ਨਿਜਾਮ ਗੁਰੂ ਸਾਹਿਬਾਨ ਵੇਲੇ ਨਹੀਂ ਸੀ ਤੇ ਨਾ ਹੀ 18ਵੀ ਸਦੀ ਵਿਚ ਕਿਤੇ ਸੀ। ਪਰ ਜਿਹੜੀ ਗੱਲ ਸਾਨੂੰ ਸਮਝਣ ਦੀ ਲੋੜ ਹੈ ਉਹ ਇਹ ਹੈ ਕਿ ਸਿੱਖ ਨਿਆਂ ਪ੍ਰਣਾਲੀ ਗੁਰੂ ਸਾਹਿਬਾਨ ਵੇਲੇ ਹੋਰ ਰੂਪ ਵਿਚ ਸੀ ਤੇ 18ਵੀ ਸਦੀ ਵਿੱਚ ਇਸਦਾ ਰੂਪ ਹੋਰ ਸੀ। ਫਿਰ 19ਵੀਂ ਸਦੀ ਵਿਚ ਇਹ ਰੂਪ ਹੋਰ ਹੋ ਗਿਆ ਤੇ ਅੱਜ ਹੋਰ ਹੈ। ਵਿਚਾਰਣ ਵਾਲੀ ਗੱਲ ਇਹ ਹੈ ਕਿ ਕੀ ਜਿਹਨਾਂ ਸਿਧਾਂਤਾਂ ਤੇ ਇਹ ਵੱਖ-ਵੱਖ ਰੂਪ ਸਿਰਜੇ ਗਏ ਉਹ ਉਹੀ ਸਨ ਜੋ ਗੁਰੂ ਸਾਹਿਬਾਨ ਨੇ ਥਾਪੇ?

ਸਾਡੀ ਨਿਆਂ ਪ੍ਰਣਾਲੀ ਵਿਚ ਪਹਿਲਾ ਬਦਲਾਅ ਉਦੋਂ ਆਇਆ ਜਦੋਂ ਦਸਵੇਂ ਪਾਤਿਸ਼ਾਹ ਨੇ ਖਾਲਸੇ ਦੀ ਸਿਰਜਣਾ ਕੀਤੀ। ਖਾਲਸੇ ਦੀ ਸਿਰਜਣਾ ਤੋਂ ਬਾਦ ਅਸੀਂ ਜਾਣਦੇ ਹਾਂ ਆਪੇ ਗੁਰ-ਚੇਰਾ ਦਾ ਸਿਧਾਂਤ ਸਾਡੇ ਸਾਹਮਣੇ ਆਇਆ – ਗੁਰੂ ਸਾਹਿਬ ਆਪੇ ਹੀ ਗੁਰੂ (ਸਿਖਿਆ ਦੇਣ ਵਾਲੇ) ਵੀ ਸਨ ਤੇ ਚੇਰਾ (ਸਿਖਿਆ ਮੰਨਣ ਵਾਲੇ) ਵੀ। ਇਹ ਗੱਲ ਅਮਲੀ ਰੂਪ ਵਿਚ ਦਾਦੂ ਦੀ ਦਰਗਾਹ ਵਾਲੇ ਕਿੱਸੇ ਵਿਚ ਉਜਾਗਰ ਹੁੰਦੀ ਹੈ – ਸਿਖਿਆ ਵੀ ਗੁਰੂ ਦੀ ਸੀ ਤੇ ਮੰਨੀ ਵੀ ਗੁਰੂ ਨੇ। ਯਾਨਿ ਅੱਜ ਦਾ “ਕੋਈ ਵੀ ਕਾਨੂੰਨ ਤੋਂ ਉੱਚਾ ਨਹੀਂ” ਦਾ ਸਿਧਾਂਤ ਗੁਰੂ ਸਾਹਿਬ ਨੇ ਸਿੱਖਾਂ ਨੂੰ ਉਦੋਂ ਦਿੱਤਾ ਜਦੋਂ ਅਜੇ ਦੁਨੀਆ ਲੋਕਰਾਜ ਤੋਂ ਬੇਖਬਰ ਸੀ ਤੇ ਰਾਜੇ ਨੂੰ ਪੂਰਾ ਹੱਕ ਸੀ ਕਿ ਉਹ ਜੋ ਮਰਜੀ ਕਰੇ ਉਹਨੂੰ ਸਜਾ ਦੇਣ ਵਾਲਾ ਕੋਈ ਨਹੀਂ। ਤੇ ਇਸੇ ਸਿਧਾਂਤ ਦਾ ਇਕ ਹੋਰ ਰੂਪ ਚਮਕੌਰ ਦੀ ਗੜ੍ਹੀ ਵਿਚ ਉਜਾਗਰ ਹੁੰਦਾ ਹੈ ਜਦੋਂ ਪੰਜਾਂ ਪਿਆਰਿਆਂ ਦੇ ਹੁਕਮ ਤੇ ਗੁਰੂ ਸਾਹਿਬ ਗੜ੍ਹੀ ਛੱਡ ਕੇ ਜਾਂਦੇ ਹਨ।
ਸੋ 1699 ਤੋਂ ਲੈ ਕੇ 1708 ਤੱਕ ਗੁਰੂ ਸਾਹਿਬ ਨੇ ਆਪਣੇ ਤੋਂ ਬਾਦ ਵਾਲੇ ਨਿਜਾਮ ਨੂੰ ਕਾਇਮ ਕੀਤਾ ਜਿਸ ਵਿਚ ਕੌਮ ਦੇ ਇਕ ਕਮਾਂਡਰ ਨੇ ਪੰਜਾਂ ਦੀ ਕਾਉਂਸਲ ਦੀ ਸਲਾਹ ਨਾਲ ਕੌਮ ਦੀ ਅਗਵਾਈ ਕੀਤੀ। 1708 ਤੱਕ ਇਹ ਕਮਾਨ ਗੁਰੂ ਸਾਹਿਬ ਕੋਲ ਰਹੀ ਤੇ ਇਸ ਤੋਂ ਬਾਦ ਗੁਰੂ ਸਾਹਿਬ ਨੇ ਇਹ ਕਮਾਨ ਬਾਬਾ ਬੰਦਾ ਸਿੰਘ ਨੂੰ ਸੌਂਪ ਦਿੱਤੀ। ਸਾਨੂੰ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਬਾਬਾ ਬੰਦਾ ਸਿੰਘ ਨਾਲ ਗੁਰੂ ਸਾਹਿਬ ਨੇ ਇਕ ਪੰਜਾਂ ਦੀ ਕਾਉਂਸਲ ਵੀ ਥਾਪੀ।

ਇਸ ਨਵੇਂ ਨਿਜਾਮ ਦੇ ਸ਼ੁਰੂਆਤੀ ਸਾਲਾਂ ਵਿਚ ਕਈ ਤਰਾਂ੍ਹ ਦੇ ਸਵਾਲ ਉੱਠੇ। ਕੀ ਕਮਾਨ ਮਿਲਣ ਤੇ ਬਾਬਾ ਬੰਦਾ ਸਿੰਘ ਨੇ ਗੁਰੂ ਸਾਹਿਬ ਦੀ ਜਗਾ੍ਹ ਲਈ? ਕਮਾਂਡਰ ਅਤੇ ਪੰਜਾਂ ਦੀ ਕਾਉਂਸਲ ਵਿਚ ਅਖੀਰੀ ਗੱਲ ਕਿਸਦੀ ਮੰਨੀ ਜਾਵੇਗੀ – ਕਮਾਂਡਰ ਦੀ ਕਿ ਕਾਉਂਸਲ ਦੀ?

ਬੰਦਈ ਖਾਲਸੇ ਦੀ ਥੋੜ੍ਹ-ਚਿਰੀ ਉਤਪਤਿ ਤੋਂ ਇਹ ਗੱਲ ਜਾਹਰ ਹੁੰਦੀ ਹੈ ਕਿ ਕੁੱਝ ਸਿੱਖ ਬਾਬਾ ਬੰਦਾ ਸਿੰਘ ਨੂੰ 1699 ਤੋਂ ਪਹਿਲਾਂ ਵਾਲੇ ਗੁਰੂ ਦਾ ਗੱਦੀ-ਨਸ਼ੀਨ ਸਮਝਣ ਦੀ ਭੁੱਲ ਕਰ ਬੈਠੇ ਸਨ। ਇਸ ਤੋਂ ਇਹ ਵੀ ਜਾਹਰ ਹੁੰਦਾ ਹੈ ਕਿ ਕੌਮ ਦੇ ਕੁੱਝ ਮੈਂਬਰ ਖਾਲਸੇ ਦੀ ਸਿਰਜਣਾ ਤੋਂ ਪਹਿਲਾਂ ਵਾਲੇ ਨਿਜਾਮ ਤੇ ਖਾਲਸੇ ਦੀ ਸਿਰਜਣਾ ਤੋਂ ਬਾਦ ਵਾਲੇ ਨਿਜਾਮ ਦੇ ਫਰਕ ਤੋਂ ਅਣਜਾਣ ਰਹਿ ਗਏ ਤੇ ਭੁਲੇਖਿਆਂ ਦਾ ਸ਼ਿਕਾਰ ਬਣੇ। ਇਹੀ ਗੱਲ ਅੱਜ ਵੀ ਹੋ ਰਹੀ ਹੈ ਜਦੋਂ ਸਾਡੇ ਵਿਚੋਂ ਬਹੁਤੇ 1699 ਤੋਂ 1708 ਦੇ ਸਮੇਂ ਦੇ ਨਿਜਾਮ ਨੂੰ 1699 ਤੋਂ ਪਹਿਲਾਂ ਵਾਲਾ ਹੀ ਸਮਝਦੇ ਹਨ।

ਦੂਜਾ ਸਵਾਲ ਉਦੋਂ ਉੱਠਿਆ ਜਦੋਂ ਬਾਬਾ ਬਿਨੋਦ ਸਿੰਘ (ਜੋ ਗੁਰੂ ਸਾਹਿਬ ਵਲੋਂ ਥਾਪੀ ਪੰਜਾਂ ਦੀ ਕਾਉਂਸਲ ਵਿਚੋਂ ਇਕ ਸਨ) ਅਤੇ ਬਾਬਾ ਬੰਦਾ ਸਿੰਘ ਵਿਚਕਾਰ ਰਣ-ਨੀਤੀ ਦੇ ਸਵਾਲ ਤੇ ਟਕਰਾਅ ਹੋ ਗਿਆ। ਇਹ ਟਕਰਾਅ ਇਸ ਹੱਦ ਤੱਕ ਵੱਧ ਗਿਆ ਕਿ ਕਾਉਂਸਲ ਦੇ ਬਾਕੀ ਚਾਰ ਮੈਂਬਰਾਂ ਨੇ ਬਾਬਾ ਬਿਨੋਦ ਸਿੰਘ ਨੂੰ ਕਿਲਾ ਛੱਡ ਕੇ ਜਾਣ ਦਾ ਹੁਕਮ ਦੇ ਦਿੱਤਾ। ਸੰਖੇਪ ਵਿਚ ਟਕਰਾਅ ਇਸ ਗੱਲ ਤੇ ਹੋਇਆ ਕਿ ਘੇਰਾ ਪੈਣ ਤੇ ਕਿਲੇ ਵਿਚ ਹੀ ਮੋਰਚੇ ਲਾਈ ਰੱਖਣੇ ਚਾਹੀਦੇ ਹਨ ਕਿ ਬਾਹਰ ਨਿੱਕਲ ਕੇ ਦੁਸ਼ਮਣ ਤੇ ਟੁੱਟ ਪੈਣਾ ਚਾਹੀਦਾ ਹੈ। ਬਾਬਾ ਬਿਨੋਦ ਸਿੰਘ ਦਾ ਵਿਚਾਰ ਸੀ ਕਿ ਦੁਸ਼ਮਣ ਤੇ ਟੁੱਟ ਪਈਏ – ਜਿਹੜੇ ਸ਼ਹੀਦੀਆਂ ਪਾ ਗਏ ਉਹ ਸੁਰਖਰੂ ਤੇ ਜਿਹੜੇ ਨਿੱਕਲ ਗਏ ਉਹ ਕਿਸੇ ਹੋਰ ਦਿਨ ਕਿਸੇ ਹੋਰ ਥਾਂ ਦੁਸ਼ਮਣ ਨੂੰ ਟੱਕਰ ਦੇਣ। ਬਾਬਾ ਬੰਦਾ ਸਿੰਘ ਦਾ ਵਿਚਾਰ ਮੋਰਚੇ ਲਾਈ ਰੱਖਣ ਦਾ ਸੀ। ਇਤਿਹਾਸਕ ਪਖੋਂ ਆਪਾਂ ਜਾਣਦੇ ਹਾਂ ਕਿ ਬਾਬਾ ਬਿਨੋਦ ਸਿੰਘ ਦਾ ਵਿਚਾਰ ਜਿਆਦਾ ਖਰਾ ਸੀ ਕਿਉਂਕਿ ਜਿਹੜੀ ਸੱਟ ਕੌਮ ਨੂੰ ਉਸ ਘੇਰੇ ਦੇ ਟੁੱਟਣ ਤੋਂ ਬਾਦ ਪਈ ਉਸ ਤੋਂ ਕੌਮ ਨੂੰ ਉੱਠਣ ਲੱਗਿਆਂ ਕਈ ਦਹਾਕੇ ਲੱਗ ਗਏ।

ਸੋ ਇਹਨਾਂ ਦੋਵਾਂ ਸਵਾਲਾਂ ਦਾ ਨਬੇੜਾ ਇਸ ਤਰਾਂ ਹੋਇਆ ਕਿ ਬੰਦਈ ਖਾਲਸੇ ਨੂੰ ਤੱਤ ਖਾਲਸੇ ਵਿਚ ਰਸਮੀ ਤੌਰ ਤੇ ਸ਼ਾਮਿਲ ਹੋ ਕੇ ਆਪਣੀ ਹੋਂਦ ਮਿਟਾਉਣੀ ਪਈ ਤੇ ਇਹ ਮੰਨਣਾ ਪਿਆ ਕਿ ਬਾਬਾ ਬੰਦਾ ਸਿੰਘ ਨੂੰ ਗੁਰੂ ਸਾਹਿਬ ਨੇ ਖਾਲਸੇ ਦੀ ਕਮਾਨ ਬਖਸ਼ੀ ਸੀ ਗੁਰਿਆਈ ਨਹੀਂ। ਕਮਾਂਡਰ ਤੇ ਕਾਉਂਸਲ ਦੀਆਂ ਤਾਕਤਾਂ ਦੇ ਸਵਾਲ ਤੇ ਇਹ ਫੈਸਲਾ ਹੋਇਆ ਕਿ ਕਾਉਂਸਲ ਸਰਵਉੱਚ ਹੈ ਤੇ ਕਾਉਂਸਲ ਦਾ ਫੈਸਲਾ ਕਮਾਂਡਰ ਨੂੰ ਮੰਨਣਾ ਹੀ ਪੈਣਾ ਹੈ। ਇਸੇ ਸਿਧਾਂਤ ਤੇ ਹੀ ਜਨਤਕ ਤੌਰ ਤੇ ਸਰਦਾਰ ਕਪੂਰ ਸਿੰਘ ਹੋਰਾਂ ਉਦੋਂ ਅਮਲ ਕੀਤਾ ਜਦੋਂ ਨਵਾਬੀ ਦੀ ਖਿੱਲਤ ਕਾਉਂਸਲ ਵਲੋਂ ਉਹਨਾਂ ਨੂੰ ਦਿੱਤੇ ਜਾਣ ਤੇ ਉਹਨਾਂ ਪਹਿਲਾਂ ਇਸ ਖਿੱਲਤ ਨੂੰ ਪੰਜਾਂ ਪਿਆਰਿਆਂ (ਯਾਨਿ ਕਾਉਂਸਲ) ਦੇ ਚਰਣੀ ਰਖਿਆ। ਇਸ ਦਾ ਮਤਲਬ ਸਾਫ ਸੀ ਕਿ ਭਾਵੇਂ ਉਹ ਨਵਾਬ ਬਣ ਗਏ ਸਨ ਪਰ ਪੰਜਾਂ ਪਿਆਰਿਆਂ ਦਾ ਹੁਕਮ ਉਹਨਾਂ ਤੇ ਹਰੇਕ ਸਿੱਖ ਵਾਂਗ ਹੀ ਲਾਗੂ ਸੀ।

ਇਸ ਨਿਜਾਮ ਵਿਚ ਬਦਲਾਅ ਉਦੋਂ ਆਇਆ ਜਦੋਂ ਜਥਿਆਂ ਦੀ ਵੱਧਦੀ ਗਿਣਤੀ ਨੂੰ ਦੋ ਗਰੁੱਪਾਂ ਵਿਚ ਇੱਕਠੇ ਕਰ ਦਿੱਤਾ ਗਿਆ – ਬੁੱਢਾ ਦਲ ਤੇ ਤਰਣਾ ਦਲ। ਉਸ ਵੇਲੇ ਪੰਜਾਂ ਦੀ ਕਾਉਂਸਲ ਜਾਪਦਾ ਹੈ ਹੌਲੀ ਹੌਲੀ ਆਰਜੀ ਰੂਪ ਲੈ ਗਈ – ਯਾਨਿ ਕੌਮੀ ਫੈਸਲੇ ਕਰਨ ਵੇਲੇ ਮੌਜੂਦ ਜਥਿਆਂ ਵਿਚੋਂ ਪੰਜ ਸਿੰਘ ਥਾਪੇ ਜਾਣ ਲੱਗੇ।

ਫਿਰ ਸਮਾਂ ਪੈਣ ਤੇ ਤਰਣਾ ਦਲ ਤੇ ਬੁੱਢਾ ਦਲ ਬਾਰਾਂ ਮਿਸਲਾਂ ਦਾ ਰੂਪ ਲੈ ਗਏ ਤੇ ਜਦੋਂ 1748 ਵਿਚ ਨਵਾਬ ਕਪੂਰ ਸਿੰਘ ਨੇ ਕੌਮ ਦੀ ਕਮਾਨ ਸ. ਜੱਸਾ ਸਿੰਘ ਅਹਿਲੂ-ਵਾਲੀਏ (ਯਾਨਿ ਪਿੰਡ “ਅਹਿਲੂ ਵਾਲੇ”) ਨੂੰ ਸੌਂਪੀ ਤਾਂ ਸਿੱਖ ਰਾਜਸੀ ਨਿਜਾਮ ਵਿੱਚ ਇਕ ਹੋਰ ਮੋੜ ਆਇਆ। 1753 ਵਿੱਚ ਨਵਾਬ ਕਪੂਰ ਸਿੰਘ ਦੀ ਮੌਤ ਹੋ ਗਈ ਤੇ ਅਸੀਂ ਵੇਖਦੇ ਹਾਂ ਕਿ ਸ. ਜੱਸਾ ਸਿੰਘ 1750-ਵਿਆਂ ਦਾ ਦਹਾਕਾਂ ਖਤਮ ਹੋਣ ਤੱਕ ਇਕ ਅਜਿਹਾ ਹੁਕਮ ਜਾਰੀ ਕਰ ਦਿੰਦੇ ਹਨ ਜਿਸ ਨਾਲ ਸਿੱਖ ਨਿਆਂ-ਪ੍ਰਣਾਲੀ ਤੇ ਪਹਿਲਾ ਸਵਾਲ ਉੱਠਦਾ ਹੈ। ਇਹ ਵਾਕਿਆ ਉਹ ਸੀ ਜਿਸ ਨਾਲ ਦੋਵੇਂ ਜੱਸਾ ਸਿੰਘ ਸਰਦਾਰਾਂ (ਅਹਿਲੂ ਵਾਲੇ ਤੇ ਰਾਮਗੜ੍ਹ ਵਾਲੇ) ਵਿਚ ਦੁਸ਼ਮਣੀ ਪੈ ਗਈ।

ਹੋਇਆ ਇਓਂ ਕਿ ਸ. ਜੱਸਾ ਸਿੰਘ ਰਾਮਗੜ੍ਹੀਏ ਦੇ ਘਰ ਕੁੜੀ ਦਾ ਜਨਮ ਹੋਇਆ ਜਿਸਦੀ ਮੌਤ ਕੁੱਝ ਘੰਟਿਆਂ ਵਿਚ ਹੀ ਹੋ ਗਈ। ਅਹਿਲੂਵਾਲੀਏ ਜੱਸਾ ਸਿੰਘ ਕੋਲ ਸ਼ਿਕਾਇਤ ਗਈ ਕਿ ਰਾਮਗੜ੍ਹੀਏ ਜੱਸਾ ਸਿੰਘ ਨੇ ਕੁੜੀ-ਮਾਰ ਕੀਤੀ ਹੈ ਜਿਹੜੀ ਸਿੱਖ ਧਰਮ ਵਿਚ ਇਕ ਬੱਜਰ ਕੁਰਹਿਤ ਹੈ। ਅਹਿਲੂਵਾਲੀਏ ਨੇ ਰਾਮਗੜ੍ਹੀਏ ਦੀ ਗੱਲ ਨਾ ਮੰਨੀ ਕਿ ਬੱਚੀ ਦੀ ਮੌਤ ਰੱਬ ਦੀ ਮਰਜੀ ਸੀ ਕਿਸੇ ਬੰਦੇ ਦੀ ਨਹੀਂ (ਖਾਸ ਕਰਕੇ ਕਿਸੇ ਸਿੱਖ ਦੀ ਤਾਂ ਬਿਲਕੁਲ ਨਹੀਂ) ਤੇ ਉਸ ਨੇ ਤਨਖਾਹ ਦਾ ਹੁਕਮ ਜਾਰੀ ਕਰ ਦਿੱਤਾ। ਰਾਮਗੜ੍ਹੀਏ ਸਰਦਾਰ ਦਾ ਜਥਾ ਫਿਰ ਅਸੀਂ ਸੁਣਦੇ ਹਾਂ ਕਿ ਜਲੰਧਰ ਦੇ ਫੌਜਦਾਰ ਅਦੀਨਾ ਬੇਗ ਨਾਲ ਜਾ ਰਲਿਆ। ਇਸ ਬਾਰੇ ਅਜੇ ਸਹਿਮਤੀ ਨਹੀਂ ਕਿ ਰਾਮਗੜ੍ਹੀਏ ਸਰਦਾਰ ਨੂੰ ਛੇਕ ਦਿੱਤਾ ਗਿਆ ਸੀ ਕਿ ਉਹ ਆਪ ਆਪਣਾ ਜੱਥਾ ਲੈ ਕੇ ਚਲਿਆ ਗਿਆ। {ਇਸ ਗੱਲ ਤੇ ਕਿਸੇ ਹੋਰ ਲੇਖ ਵਿਚ ਵਿਚਾਰ ਕਰਾਂਗੇ ਕਿ ਉਹਨਾਂ ਜਮਾਨਿਆਂ ਵਿਚ ਇਹ ਕਿਵੇਂ ਸੰਭਵ ਸੀ ਕਿ ਇਕ ਖਾਲਸਾ ਜਰਨੈਲ ਕਿਸੇ ਲਹੌਰ ਸਰਕਾਰ ਦੇ ਫੌਜਦਾਰ ਨਾਲ ਜਾ ਰਲੇ।}

ਇਹ ਸਮਾਂ ਉਹ ਸੀ ਜਦੋਂ ਖਾਲਸੇ ਨੇ ਥਾਂ-ਥਾਂ ਰਉਣੀਆਂ (ਯਾਨਿ ਕੱਚੀਆਂ ਗੜ੍ਹੀਆਂ) ਬਣਾ ਲਈਆਂ ਸਨ ਜਿਥੇ ਖਾਲਸੇ ਦੇ ਜਥੇ ਸਮੇਂ ਸਮੇਂ ਤੇ ਸਾਹ ਲੈਣ ਲਈ ਰੁੱਕ ਜਾਇਆ ਕਰਦੇ ਸਨ। ਅਜਿਹਾ ਹੀ ਇਕ ਜੱਥਾ ਅਦੀਨਾ ਬੇਗ ਨੇ ਇਕ ਰਉਣੀ ਵਿਚ ਘੇਰ ਲਿਆ। ਅਦੀਨਾ ਬੇਗ ਦੀ ਫੌਜ ਨਾਲ ਰਾਮਗੜ੍ਹੀਏ ਸਰਦਾਰ ਦਾ ਜਥਾ ਵੀ ਸੀ। ਇੱਧਰ ਅੰਦਰ ਘਿਰੇ ਖਾਲਸੇ ਦੇ ਜਥੇ ਨੇ ਕੌਮ ਵਲੋਂ ਬਾਬਾ ਬੰਦਾ ਸਿੰਘ ਨੂੰ ਪਏ ਘੇਰੇ ਅਤੇ ਉਸ ਤੋਂ ਬਾਦ ਵਾਲੇ ਨਤੀਜਿਆਂ ਤੋਂ ਜਿਹੜਾ ਸਬਕ ਲਿਆ ਸੀ ਉਸ ਮੁਤਾਬਿਕ ਇਹ ਫੈਸਲਾ ਕਰ ਲਿਆ ਕਿ ਅਰਦਾਸਾ ਸੋਧ ਕੇ ਘੇਰਣ ਵਾਲੀ ਫੌਜ ਤੇ ਹਮਲਾ ਕਰ ਦਈਏ। ਜਿਹੜੇ ਨਿਕਲ ਗਏ ਉਹ ਨਿਕਲ ਗਏ ਜਿਹੜੇ ਸ਼ਹੀਦੀ ਪਾ ਗਏ ਉਹ ਸੁਰਖਰੂ। ਜਦੋਂ ਇਸ ਫੈਸਲੇ ਦੀ ਖਬਰ ਰਾਮਗੜ੍ਹੀਏ ਸਰਦਾਰ ਕੋਲ ਪਹੁੰਚੀ ਤਾਂ ਉਹ ਘਬਰਾ ਗਿਆ। ਇਸਦਾ ਮਤਲਬ ਸਾਫ ਸੀ ਕਿ ਜਦੋਂ ਰਉਣੀ ਅੰਦਰੋਂ ਖਾਲਸੇ ਨੇ ਬਾਹਰ ਆਉਣਾ ਹੈ ਤਾਂ ਰਾਮਗੜ੍ਹੀਏ ਸਰਦਾਰ ਦੀ ਕਮਾਨ ਹੇਠਲੇ ਖਾਲਸੇ ਨੂੰ ਰਾਉਣੀ ਚੋਂ ਨਿਕਲਦੇ ਖਾਲਸੇ ਉੱਤੇ ਕਿਰਪਾਣ ਚੁੱਕਣੀ ਪੈਣੀ ਹੈ। ਉਹਨਾਂ ਸਮਿਆਂ ਵਿਚ ਇਕ ਖਾਲਸਾ ਇਹ ਕਦੇ ਵੀ ਨਹੀਂ ਸੀ ਸੋਚ ਸਕਦਾ ਕਿ ਉਹ ਦੂਜੇ ਖਾਲਸੇ ਤੇ ਕਿਰਪਾਣ ਚੁੱਕੇਗਾ। ਇਸ ਤੋਂ ਅਹਿਮ ਗੱਲ ਇਹ ਕਿ ਰਾਮਗੜ੍ਹੀਏ ਸਰਦਾਰ ਦਾ ਗੁੱਸਾ ਖਾਲਸੇ ਤੇ ਨਹੀਂ ਸੀ ਬਲਕਿ ਅਹਿਲੂਵਾਲੀਏ ਸਰਦਾਰ ਦੇ ਇਕ ਫੈਸਲੇ ਤੇ ਸੀ।

ਸੋ ਰਾਮਗੜ੍ਹੀਏ ਸਰਦਾਰ ਨੇ ਰਉਣੀ ਅੰਦਰ ਇਹ ਸੁਨੇਹਾ ਭੇਜ ਦਿੱਤਾ ਕਿ ਜਦੋਂ ਅੰਦਰੋਂ ਖਾਲਸੇ ਨੇ ਬਾਹਰ ਹੱਲਾ ਬੋਲਿਆ ਤਾਂ ਬਾਹਰਲਾ ਖਾਲਸਈ ਜੱਥਾ ਉਸ ਨਾਲ ਰੱਲ ਕੇ ਅਦੀਨਾ ਬੇਗ ਦੀਆਂ ਦੁਬੀੜਾਂ ਚੁਕਾ ਦੇਵੇਗਾ। ਤੇ ਇਹੀ ਹੋਇਆ, ਜਿਸ ਨਾਲ ਰਾਮਗੜ੍ਹੀਏ ਸਰਦਾਰ ਦਾ ਜੱਥਾ ਦੁਬਾਰਾ ਖਾਲਸਾ ਦੱਲ ਵਿਚ ਸ਼ਾਮਿਲ ਹੋ ਗਿਆ ਸਮਝਿਆ ਗਿਆ।

ਰਾਮਗੜ੍ਹੀਏ ਸਰਦਾਰ ਨੂੰ ਲੱਗੀ ਤਨਖਾਹ ਨਾਲ ਭਾਵੇਂ ਖੁਲ੍ਹੇ ਤੌਰ ਤੇ ਪੂਰੇ ਪੰਥ ਵਿਚ ਦੋ ਧੜੇ ਨਹੀਂ ਸਨ ਬਣੇ ਪਰ ਜਾਪਦਾ ਹੈ ਕਿ ਵਿਚਾਰਕ ਪੱਧਰ ਤੇ ਦੋ ਧੜੇ ਬਣ ਗਏ ਸਨ। ਇਹ ਉਦੋਂ ਜਾਹਰ ਹੁੰਦਾ ਹੈ ਜਦੋਂ ਪਟਿਆਲੇ ਵਾਲੇ ਆਲਾ ਸਿੰਘ ਵਾਲਾ ਮਸਲਾ ਪੰਥ ਦੇ ਜਥੇਦਾਰਾਂ ਸਾਹਮਣੇ ਆਉਂਦਾ ਹੈ।

ਆਲਾ ਸਿੰਘ ਇਕੋ-ਇਕ ਅਜਿਹਾ ਸਿੱਖ ਹੋਇਆ ਜਿਸਨੇ ਅਬਦਾਲੀ ਦੀ ਈਨ ਮੰਨੀ। ਇਹੀ ਨਹੀਂ ਉਸਨੇ ਅਬਦਾਲੀ ਦੇ ਨਾਮ ਦਾ ਸਿੱਕਾ ਵੀ ਜਾਰੀ ਕੀਤਾ। ਤੇ ਉਸਦੀ ਵਹੁਟੀ ਮਾਈ ਫੱਤੋ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਖਾਲਸਾ ਜੱਥਿਆਂ ਦੀ ਮਦਦ ਕਰਨ ਲਈ ਅਬਦਾਲੀ ਨੇ ਆਲਾ ਸਿੰਘ ਦੇ ਕੇਸ ਕਤਲ ਕਰਨ ਦਾ ਹੁਕਮ ਦੇ ਦਿੱਤਾ ਹੈ ਤਾਂ ਉਸ ਨੇ ਅਬਦਾਲੀ ਸਾਹਮਣੇ ਪੇਸ਼ ਹੋ ਕੇ ਹਰੇਕ ਕੇਸ ਦਾ ਮੁੱਲ ਇਕ ਹਜਾਰ ਮੁਹਰਾਂ ਪਾ ਕੇ ਆਲਾ ਸਿੰਘ ਦੇ ਕੇਸ ਕਤਲ ਹੋਣ ਤੋਂ ਬਚਾ ਲਏ। ਇਹ ਵੀ ਖਾਲਸੇ ਦੇ ਅਸੂਲ ਕਿ ਸਿਧਾਂਤ ਤੋਂ ਉੱਤੇ ਹੋਰ ਕੁੱਝ ਨਹੀਂ, ਦੇ ਖਿਲਾਫ ਸੀ।

ਜਦੋਂ 1764 ਵਿਚ ਆਲਾ ਸਿੰਘ ਨੂੰ ਸਰਬਤ ਖਾਲਸੇ ਸਾਹਮਣੇ ਪੇਸ਼ ਹੋਣ ਦਾ ਹੁਕਮ ਹੋਇਆ ਤਾਂ ਇੱਕਠੇ ਹੋਏ ਜਥੇਦਾਰਾਂ ਨੇ ਛੋਟੀ ਤਨਖਾਹ ਲਾ ਕੇ ਆਲਾ ਸਿੰਘ ਨੂੰ ਖੰਡੇ ਦੀ ਪਹੁਲ ਲੈਣ ਦਾ ਹੁਕਮ ਜਾਰੀ ਕੀਤਾ ਤੇ ਪੰਥ ਵਿਚ ਦੁਬਾਰਾ ਸ਼ਾਮਿਲ ਕਰ ਲਿਆ।

ਇਸ ਫੈਸਲੇ ਦਾ ਨਤੀਜਾ ਇਹ ਨਿਕਲਿਆ ਕਿ 1770 ਤੱਕ ਆਲਾ ਸਿੰਘ ਵਾਲਾ ਮੌਕਾ-ਪ੍ਰਸਤੀ ਨਜ਼ਰੀਆ ਖਾਲਸੇ ਦੇ ਮੁਢਲੇ ਸਿਧਾਂਤਾਂ ਤੇ ਭਾਰੀ ਪੈ ਚੁੱਕਾ ਸੀ। ਇਸਦਾ ਸਿੱਧਾ ਅਸਰ ਖਾਲਸੇ ਦੀ ਨਿਆਂ ਪ੍ਰਣਾਲੀ ਤੇ ਪਿਆ। ਹੁਣ ਫੈਸਲੇ ਸਿਧਾਂਤਕ ਨਾ ਹੋ ਕੇ ਜਥੇਦਾਰਾਂ ਦੇ ਸਵਾਰਥਾਂ ਵਿਚੋਂ ਨਿਕਲਣ ਲਗੇ। ਇਕ ਅਜਿਹਾ ਹੀ ਫੈਸਲਾ ਜੰਮੂ ਦੇ ਹਿੰਦੂ ਰਾਜੇ ਤੇ ਉਸਦੇ ਪੁੱਤਰ ਵਿਚਲੀ ਲੜਾਈ ਦਾ ਸੀ ਜਿਸ ਵਿਚ ਭੰਗੀ ਸਰਦਾਰਾਂ ਨੇ ਪਿਉ ਨੂੰ ਠੀਕ ਠਹਿਰਾਇਆ ਤੇ ਸੁਕਰਚਕੀਏ/ਘਨ੍ਹਈਏ ਸਰਦਾਰਾਂ ਨੇ ਪੁੱਤਰ ਨੂੰ ਸਹੀ ਕਹਿ ਦਿੱਤਾ। ਨਤੀਜਾ ਇਹ ਨਿਕਲਿਆ ਕਿ ਪਿਉ-ਪੁੱਤਰ ਦੀ ਰਾਜ-ਭੋਗ ਦੇ ਸਵਾਰਥੀ ਮੁੱਦੇ ਤੇ ਸ਼ੁਰੂ ਹੋਈ ਲੜਾਈ ਵਿਚ ਇਕ ਧਿਰ ਮਿਸਲ ਭੰਗੀਆਂ ਬਣ ਗਈ ਤੇ ਦੂਜੀ ਧਿਰ ਮਿਸਲ ਸੁਕਰਚੱਕੀਆ ਤੇ ਮਿਸਲ ਘਨ੍ਹਈਆ ਦਾ ਗੱਠ-ਜੋੜ।

ਇਸ ਛੋਟੇ ਜਿਹੇ ਮੁੱਦੇ ਤੋਂ ਅਜਿਹੀ ਆਤਮਘਾਤੀ ਲੜਾਈ ਸ਼ੁਰੂ ਹੋਈ ਕਿ ਹੌਲੀ ਹੌਲੀ ਸਾਰੀਆਂ ਮਿਸਲਾਂ ਹੀ ਇਸ ਵਿਚ ਲਪੇਟੀਆਂ ਗਈਆਂ। ਇਹਨਾਂ ਸਾਰੀਆਂ ਸਵਾਰਥੀ ਲੜਾਈਆਂ ਨੇ ਖਾਲਸੇ ਦੀ ਨਿਆਂ ਪ੍ਰਣਾਲੀ ਤਕਰੀਬਨ ਖਤਮ ਹੀ ਕਰ ਦਿੱਤੀ ਤੇ ਅਸੀਂ ਮਹਾਰਾਜਿਆਂ ਵਾਲੀ ਨਿਆਂ-ਪ੍ਰਣਾਲੀ ਧਾਰ ਲਈ। ਭਾਵੇਂ ਅਕਾਲੀ ਫੂਲਾ ਸਿੰਘ ਵਰਗੇ ਗੁਰੂ ਕੇ ਸਿੱਖਾਂ ਨੇ ਸਮੇਂ ਸਮੇਂ ਇਸ ਨਿਆਂ ਪ੍ਰਣਾਲੀ ਨੂੰ ਮੁੜ ਸਜੀਵ ਕਰਨ ਦੇ ਜਤਨ ਕੀਤੇ ਪਰ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਸਿੱਖ ਨਿਆਂ ਪ੍ਰਣਾਲੀ ਨੂੰ 1770 ਤੋਂ 1925 ਰੁਕਿਆ ਸਮਝਿਆ ਜਾਣਾ ਚਾਹੀਦਾ ਹੈ।

ਜਿਹੜਾ ਮਿਸਲਾਂ ਵਾਲਾ ਨਿਜਾਮ ਕਾਇਮ ਕੀਤਾ ਗਿਆ ਸੀ, 1770 ਤੋਂ ਬਾਦ ਉਸਨੂੰ ਸਿਰਫ ਮਿਸਲ ਕਰੋੜਾਸਿੰਘੀਆ ਵਾਲੇ ਬਘੇਲ ਸਿੰਘ ਨੇ ਦਿੱਲੀ ਤੇ ਕਬਜਾ ਕਰਨ ਲਈ ਵਰਤਿਆ। ਇਹ ਉਸਦੀ ਦੂਰ ਅੰਦੇਸ਼ੀ ਸਮਝੀ ਜਾਣੀ ਚਾਹੀਦੀ ਹੈ ਕਿ ਪੰਜਾਬ ਵਿਚਲੀ ਆਤਮਘਾਤੀ ਲੜਾਈ ਨੂੰ ਖਤਮ ਕਰਨ ਲਈ ਉਸਨੇ ਦਿੱਲੀ ਅਤੇ ਪੂਰੇ ਹਿੰਦੋਸਤਾਨ ਦਾ ਲੱਡੂ ਖਾਲਸੇ ਸਾਹਮਣੇ ਪਰੋਸ ਦਿੱਤਾ। ਪਰ ਜਿੱਥੇ ਮਸਲਾ ਨਿੱਜ ਦਾ ਹੋਵੇ ਉੱਥੇ ਦੂਜੇ ਨੂੰ ਨੀਵਾਂ ਵਿਖਾਉਣ ਵੱਲ ਜੋਰ ਜਿਆਦਾ ਲੱਗਦਾ ਹੈ ਬਜਾਏ ਇਸਦੇ ਕਿ ਆਪਣੀ ਲਕੀਰ ਦੂਜੇ ਨਾਲੋਂ ਵੱਡੀ ਕਰ ਲਈਏ (ਜਦਕਿ ਲਕੀਰ ਵੱਡੀ ਕਰਨ ਦੇ ਤਰੀਕੇ ਨਾਲ ਵੀ ਨਿੱਜੀ ਕਿੜ ਉਸਾਰੂ ਤਰੀਕੇ ਨਾਲ ਕੱਢੀ ਜਾ ਸਕਦੀ ਹੈ)।

ਸੋ ਦਿੱਲੀ ਤੇ ਕਬਜੇ ਤੋਂ ਬਾਦ ਜਦੋਂ ਦਿੱਲੀ ਦੇ ਤਖਤ ਤੇ ਬੈਠਣ ਦੀ ਗੱਲ ਆਉਂਦੀ ਹੈ ਤਾਂ ਅਸੀਂ ਵੇਖਦੇ ਹਾਂ ਕਿ ਰਾਮਗੜ੍ਹੀਏ ਤੇ ਅਹਿਲੂਵਾਲੇ ਸਰਦਾਰਾਂ ਵਿਚ ਫਿਰ ਲੜਾਈ ਸ਼ੁਰੂ ਹੋ ਜਾਂਦੀ ਹੈ। ਨਤੀਜਾ ਕੀ? ਖਾਲਸਾ ਚੁੰਗੀ ਦਾ ਹੱਕ ਅਤੇ ਇਤਿਹਾਸਕ ਗੁਰਦੁਆਰੇ ਬਣਾਉਣ ਦਾ ਹੱਕ ਆਪਣੇ ਕੋਲ ਰੱਖ ਕੇ ਦਿੱਲੀ ਦਾ ਤਖਤ ਮੁੜ ਮੁਗਲਾਂ ਨੂੰ ਦੇ ਕੇ ਵਾਪਸ ਪੰਜਾਬ ਪਰਤ ਆਉਂਦਾ ਹੈ ਉਸੇ ਪਹਿਲੇ ਵਾਲੀ ਆਤਮਘਾਤੀ ਲੜਾਈ ਨੂੰ ਜਾਰੀ ਰੱਖਣ ਲਈ।

ਜਦੋਂ ਤੱਕ ਸੁਕਰਚੱਕੀਏ ਮਹਾਂ ਸਿੰਘ ਦੀ ਮੌਤ ਹੁੰਦੀ ਹੈ ਤੇ 12 ਸਾਲ ਦਾ ਰਣਜੀਤ ਸਿੰਘ ਮਿਸਲ ਦੀ ਕਮਾਨ ਸੰਭਾਲਦਾ ਹੈ ਉਸ ਵੇਲੇ ਲੜਾਈ ਕੋਈ ਮੁਗਲਾਂ, ਪਠਾਣਾਂ, ਮਰਹੱਟਿਆਂ ਜਾਂ ਗੋਰਿਆਂ ਨਾਲ ਨਹੀਂ ਸੀ ਸਗੋਂ ਇਕ ਮਿਸਲ ਦੀ ਦੂਜੀ ਮਿਸਲ ਨਾਲ ਸੀ। ਇੱਥੇ ਇਹ ਵੀ ਯਾਦ ਰੱਖਣਾ ਜਰੂਰੀ ਹੈ ਕਿ ਕੁੱਝ ਮਿਸਲਾਂ, ਜਿਵੇਂ ਮਿਸਲ ਸ਼ਹੀਦਾਂ, ਮਿਸਲ ਨਕਈ ਤੇ ਮਿਸਲ ਡੱਲੇਵਾਲੀਆ ਦੇ ਜਥੇਦਾਰਾਂ ਨੇ ਉਦੋਂ ਵੀ ਲੜਣ ਦਾ ਹੁਕਮ ਦੇਣ ਤੋਂ ਨਾਂਹ ਕਰ ਦਿੱਤੀ ਜਦੋਂ ਰਣਜੀਤ ਸਿੰਘ ਦੀਆਂ ਫੌਜਾਂ ਉਹਨਾਂ ਦੇ ਘਰਾਂ ਤੱਕ ਵੀ ਪਹੁੰਚ ਗਈਆਂ – ਕਿਉਂਕਿ ਇਹ ਜਥੇਦਾਰ ਉਹ ਸਨ ਜਿਹੜੇ ਇਹ ਕਦੇ ਵੀ ਨਹੀਂ ਸਨ ਸੋਚ ਸਕਦੇ ਕਿ ਗੁਰੂ ਦਾ ਸਾਜਿਆ ਇਕ ਖਾਲਸਾ ਦੂਜੇ ਖਾਲਸੇ ਤੇ ਕਿਰਪਾਣ ਚੁੱਕ ਸਕਦਾ ਹੈ। ਤਾਰਾ ਸਿੰਘ ਘੇਬਾ ਵਰਗੇ ਜਥੇਦਾਰਾਂ ਨੇ, ਜਿਹਨਾਂ ਅਬਦਾਲੀ ਦੀਆਂ ਤੋਪਾਂ ਅੱਗੇ ਵੀ ਕਿਰਪਾਣ ਨਹੀਂ ਸੀ ਮਿਆਨ ਵਿਚ ਰੱਖੀ, ਰਣਜੀਤ ਸਿੰਘ (ਅਤੇ ਫਤੇਹ ਸਿੰਘ ਕਲੀਆਂਵਾਲੇ) ਦੀ ਕਮਾਨ ਹੇਠਲੇ ਹਮਲਾਵਰੀ ਖਾਲਸੇ ਅੱਗੇ ਕਿਰਪਾਣ ਚੁੱਕਣ ਤੋਂ ਨਾਂਹ ਕਰ ਦਿੱਤੀ ਅਤੇ ਸੈਂਕੜਿਆਂ ਪਿੰਡਾਂ ਦੀਆਂ ਸਰਦਾਰੀਆਂ ਗੁਆਉਣ ਨੂੰ ਤਰਜੀਹ ਦਿੱਤੀ।

ਸੋ ਜਦੋਂ ਰਣਜੀਤ ਸਿੰਘ ਆਪਣੇ ਆਪ ਨੂੰ ਮਹਾਰਾਜਾ ਐਲਾਨ ਦਿੰਦਾ ਹੈ ਉਦੋਂ ਤੱਕ ਗੁਰੂ ਗੋਬਿੰਦ ਸਿੰਘ ਜੀ ਵਲੋਂ ਥਾਪੀ ਤੇ (ਦਾਦੂ ਦੀ ਦਰਗਾਹ ਅਤੇ ਚਮਕੌਰ ਦੀ ਗੜ੍ਹੀ ਵਿੱਚ) ਮੰਨੀ ਨਿਆਂ-ਪ੍ਰਣਾਲੀ ਖਤਮ ਹੋ ਚੁੱਕੀ ਸੀ। ਰਣਜੀਤ ਸਿੰਘ ਨੂੰ ਗੁਰਮਤਿ ਦੇ ਸਿਧਾਂਤ ਤੇ ਤੋਰਣ ਵਾਲਾ ਸ਼ਾਇਦ ਹੀ ਕੋਈ ਬਚਿਆ ਸੀ, ਭਾਂਵੇਂ ਅਸੀਂ ਸੁਣਦੇ ਹਾਂ ਕਿ ਅਕਾਲੀ ਫੂਲਾ ਸਿੰਘ ਨੇ ਉਸਨੂੰ ਅਕਾਲ ਤਖਤ ਤੇ ਆਪਣਾ ਸਪਸ਼ਟੀਕਰਣ ਦੇਣ ਲਈ ਬੁਲਾਇਆ ਸੀ। ਇਸ ਬਾਰੇ ਵੀ ਕਿਸੇ ਹੋਰ ਲੇਖ ਵਿਚ ਵਿਚਾਰ ਕਰਾਂਗੇ ਕਿ ਅਕਾਲੀ ਫੂਲਾ ਸਿੰਘ ਦੇ ਰਣਜੀਤ ਸਿੰਘ ਦੀ ਸਿੱਖੀ ਤੋਂ ਵੱਧਦੀ ਦੂਰੀ ਨੂੰ ਰੋਕਣ ਲਈ ਕੀ ਉਪਰਾਲੇ ਕੀਤੇ ਗਏ।

ਇਸ ਲੇਖ ਦੇ ਅਗਲੇ ਅੰਕ ਵਿਚ ਗੱਲ ਇਥੋਂ ਹੀ ਤੋਰਾਂਗੇ ਕਿ ਕਿਸ ਤਰਾਂ੍ਹ ਰਣਜੀਤ ਸਿੰਘ ਦੇ ਤਾਨਾਸ਼ਾਹੀ ਰਾਜ ਦੀ ਨਿਆਂ-ਪ੍ਰਣਾਲੀ ਨੇ ਅਰੂੜ ਸਿੰਘ ਤੱਕ ਦਾ ਸਫਰ ਤੈਅ ਕੀਤਾ ਅਤੇ ਫਿਰ 1925 ਦੇ ਗੁਰਦੁਆਰਾ ਐਕਟ ਤੋਂ ਬਾਦ ਕਿਵੇਂ ਅਸੀਂ ਅੱਜ ਦੀ ਹਾਲਤ ਤੱਕ ਪਹੁੰਚੇ ਹਾਂ। ……….ਚਲਦਾ 

Advertisements

One thought on “How Sikh Justice System has evolved over time and the factors responsible

  1. Pingback: Part 1 – Khalsa News and Tiger Jatha UK | Sikh Centre's Weblog

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s