Home

ਕਹਾਵਤ ਹੈ ਕਿ ਨਾਉਣ ਦੇ ਪਾਣੀ ਨਾਲ ਨਿਆਣੇ ਨੂੰ ਵੀ ਬਾਹਰ….!

by Verpal Singh

ਕਹਾਵਤ ਹੈ ਤਾਂ ਅੰਗ੍ਰੇਜੀ ਦੀ ਪਰ ਪ੍ਰੋ: ਸਰਬਜੀਤ ਸਿੰਘ ਧੂੰਦਾ ਕੋਲੋਂ ਅਖੌਤੀ ਜਥੇਦਾਰਾਂ ਵਲੋਂ ਅਖਬਾਰਾਂ ਰਾਹੀਂ ਮੰਗੇ ਸਪਸ਼ਟੀਕਰਣ ਵਾਲੇ ਮਾਮਲੇ ਵਿਚ ਪੂਰੀ ਢੁੱਕਦੀ ਹੈ। ਤੇ ਢੁੱਕਦੀ ਉਹਨਾਂ ਸੱਜਣਾਂ ਤੇ ਹੈ ਜਿਹਨਾਂ ਆਪਣੇ ਸੁਹਿਰਦ ਵਿਚਾਰ ਪ੍ਰੋ: ਸਾਹਿਬ ਦੇ ਹੱਕ ਵਿੱਚ ਦਿੰਦਿਆਂ ਇਹ ਸ਼ਰਤ ਵੀ ਲਾ ਦਿੱਤੀ ਕਿ ਜੇਕਰ ਪ੍ਰੋ: ਸਾਹਿਬ ਇਹਨਾਂ “ਜਥੇਦਾਰਾਂ” ਸਾਹਮਣੇ “ਪੇਸ਼” ਹੁੰਦੇ ਹਨ ਤਾਂ ਉਹ “ਸੱਚ ਦੇ ਰਾਹ ਤੋਂ ਥਿੜਕੇ” ਸਮਝੇ ਜਾਣਗੇ।

ਇਹ ਵਿਚਾਰ ਕਿਉਂਕਿ ਦੇਣ ਵਾਲੇ ਸੱਜਣਾਂ ਦੀ ਸੁਹਿਰਦਤਾ ਵਿਚੋਂ ਨਿਕਲੇ ਹਨ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹਨਾਂ ਦਾ ਟੀਚਾ ਕੌਮ ਦੀ ਚੜ੍ਹਦੀ ਕਲਾ ਹੈ। ਪਰ ਅਸੀਂ ਜਾਣਦੇ ਹਾਂ ਕਿ ਸਹੀ ਟੀਚੇ ਤੱਕ ਅੱਪੜਣ ਲਈ ਜੇਕਰ ਤਰੀਕਾ ਸਹੀ ਨਾ ਵਰਤਿਆ ਜਾਵੇ ਤਾਂ ਨਤੀਜਾ ਮਾੜਾ ਹੀ ਨਿਕਲਦਾ ਹੈ ਭਾਵੇਂ ਅਸੀਂ ਟੀਚੇ ਤੱਕ ਪਹੁੰਚ ਵੀ ਜਾਈਏ। ਆਓ ਇਸ ਗੱਲ ਨੂੰ ਜਰਾ ਵਿਚਾਰੀਏ:

੧. ਅਖਬਾਰਾਂ ਰਾਹੀਂ ਪ੍ਰੋ: ਸਰਬਜੀਤ ਸਿੰਘ ਧੂੰਦਾ ਨੂੰ ਆਪਣੀ ਇਕ ਕਥਾ ਵਿਚ ਕਹੀਆਂ ਕੁੱਝ ਗੱਲਾਂ ਬਾਰੇ ਸਪਸ਼ਟੀਕਰਣ ਦੇਣ ਲਈ ਕਿਹਾ ਗਿਆ। ਜਾਪਦਾ ਇਉਂ ਹੈ ਕਿ ਸ਼ਬਦਾਵਲੀ ਜਾਣ-ਬੁੱਝ ਕੇ ਅਜਿਹੀ ਵਰਤੀ ਗਈ ਕਿ ਅਣਖੀ ਸਿੱਖ ਇਤਰਾਜ ਕਰਣ – ਜਿਵੇਂ ਕਿ ਪ੍ਰੋ: ਸਾਹਿਬ ਨੂੰ “ਅਖੌਤੀ ਪ੍ਰਚਾਰਕ” ਲਿਖਣਾ ਅਤੇ ਇਹ ਕਹਿਣਾ ਕਿ ਉਹਨਾਂ ਨੂੰ “ਮੁੰਹ ਨਾ ਲਾਇਆ ਜਾਵੇ”। ਜਿਹੜੇ ਸੱਜਣਜਿਹੜੇ ਸੱਜਣ ਮੇਰੀ ਉੱਪਰ ਲਿਖੀ ਸ਼ਬਦਾਵਲੀ (“ਅਖੌਤੀ ਜਥੇਦਾਰਾਂ”) ਨਾਲ ਸਹਿਮਤ ਨਹੀਂ ਉਹ ਇਹ ਜਰੂਰ ਵਿਚਾਰ ਕਰਣ ਕਿ ਕੀ ਉਹ ਪ੍ਰੋ: ਸਾਹਿਬ ਲਈ ਵਰਤੀ ਜਥੇਦਾਰਾਂ ਦੀ ਸ਼ਬਦਾਵਲੀ ਨਾਲ ਸਹਿਮਤ ਹੈਨ।

੨. ਇਤਰਾਜ ਧੜਾ-ਧੜ ਹੋਏ ਅਤੇ ਇਤਰਾਜਾਂ ਨਾਲ ਸਲਾਹਾਂ ਵੀ ਆਈਆਂ ਕਿ ਪ੍ਰੋ: ਸਾਹਿਬ ਨੂੰ ਕੀ ਕਰਨਾ ਚਾਹੀਦਾ ਹੈ। ਇਹਨਾਂ ਸਲਾਹਾਂ ਦਾ ਰੰਗ ਉਦੋਂ ਬਦਲ ਗਿਆ ਜਦੋਂ ਪ੍ਰੋ: ਸਾਹਿਬ ਨੇ ਇਹ ਕਹਿ ਦਿੱਤਾ ਕਿ ਉਹ ਜਥੇਦਾਰਾਂ ਨੂੰ ਮਿਲਣ ਲਈ ਜਰੂਰ ਜਾਣਗੇ। ਇਹ ਕਹਿੰਦਿਆਂ ਹੀ ਸਲਾਹਕਾਰਾਂ ਦੀਆਂ ਸਲਾਹਾਂ ਧਮਕੀਆਂ ਦਾ ਰੂਪ ਧਾਰਣ ਕਰ ਗਈਆਂ ਤੇ ਜਾਂ ਫਿਰ ਪ੍ਰੋ: ਸਾਹਿਬ ਨੂੰ ਕਟਿਹਰੇ ਵਿੱਚ ਖੜਾ ਕਰਣ ਲੱਗ ਪਈਆਂ (ਜਿਵੇਂ ਉੱਪਰ ਲਿਖਿਆ “ਸੱਚ ਦੇ ਰਾਹ ਤੋਂ ਥਿੜਕੇ” ਵਾਲਾ ਵਾਕ)।

੩. ਇਹਨਾਂ ਸਲਾਹਾਂ ਦੇ ਬਦਲੇ ਰੰਗ ਵਿਚੋਂ ਇਕ ਗੱਲ ਸਾਫ ਹੁੰਦੀ ਦਿਖੀ ਕਿ ਜਥੇਦਾਰਾਂ ਵਾਲੀ ਧਿਰ ਦੀ ਮੁਖਾਲਫਤ ਕਰਣ ਵਾਲੇ ਸੱਜਣ ਜਥੇਦਾਰਾਂ ਵਾਲੇ ਹੱਥਕੰਡੇ ਅਪਣਾਉਣ ਤੋਂ ਗੁਰੇਜ਼ ਨਹੀਂ ਕਰਦੇ। ਮਿਸਾਲ ਵਜੋਂ ਇਹ ਬਹੁਤ ਸੁਹਣੀ ਦਲੀਲ ਹੈ ਕਿ ਪ੍ਰੋ: ਸਾਹਿਬ ਤੇ ਇਹ ਇਲਜਾਮ ਲਾਉਣਾ ਕਿ ਉਹਨਾਂ ਜਾਣ-ਬੁੱਝ ਕੇ ਕੀਰਤਨ ਜਾਂ ਦਰਬਾਰ ਸਹਿਬ ਦੀ ਤੌਹੀਨ ਕੀਤੀ ਹੈ ਬਿਲਕੁਲ ਬੇਬੁਨਿਆਦ ਹੈ ਕਿਉਂਕਿ ਜਿਹੜੇ ਸਿੱਖ ਉਹਨਾਂ ਨੂੰ ਨਿਜੀ ਤੌਰ ਤੇ ਜਾਣਦੇ ਹਨ ਜਾਂ ਉਹਨਾਂ ਦੇ ਗੁਰਮਤਿ ਪ੍ਰਚਾਰ ਨੂੰ ਸੁਣਦੇ ਹਨ ਉਹ ਇਹ ਗੱਲ ਕਦੇ ਵੀ ਨਹੀਂ ਮੰਨ ਸਕਦੇ। ਹੋਰ ਵੇਖੋ – ਜੇਕਰ ਆਮ ਸਿੱਖ ਕੋਲੋਂ ਪੁੱਛਿਆ ਜਾਵੇ ਕਿ ਗਿਆਨੀ ਗੁਰਬਚਨ ਸਿੰਘ, ਸ: ਪ੍ਰਕਾਸ਼ ਸਿੰਘ ਬਾਦਲ, ਗਿਆਨੀ ਠਾਕਰ ਸਿੰਘ ਅਤੇ ਪ੍ਰੋ: ਸਰਬਜੀਤ ਸਿੰਘ ਧੂੰਦਾ ਵਿਚੋਂ ਜੇਕਰ ਤੁਸੀਂ ਕੀਤੇ ਕੰਮਾਂ ਦੇ ਅਧਾਰ ਤੇ ਗੁਰਮਤਿ ਦੇ ਧਾਰਣੀ ਨੂੰ ਚੁਣਨਾ ਹੋਵੇ ਤਾਂ ਕਿਸਨੂੰ ਚੁਣੋਗੇ, ਤਾਂ ਬਹੁਤਿਆਂ ਦਾ ਬੇਝਿਜਕ ਜਵਾਬ ਹੋਵੇਗਾ ਪ੍ਰੋ: ਸਰਬਜੀਤ ਸਿੰਘ ਧੂੰਦਾ। ਇਸ ਲਈ ਜਦੋਂ ਅਸੀਂ ਇਹ ਸੁਣਦੇ ਹਾਂ ਕਿ ਪ੍ਰੋ: ਸਾਹਿਬ ਨੇ ਇਹ ਫੈਸਲਾ ਲਿਆ ਹੈ ਕਿ ਉਹ ਜਥੇਦਾਰਾਂ ਨੂੰ ਮਿਲਣ ਲਈ ਜਾਣਗੇ ਤਾਂ ਬਜਾਏ ਇਹ ਫੈਸਲੇ ਦੇਣ ਦੇ ਕਿ ਉਹ “ਸੱਚ ਦੇ ਰਾਹ ਤੋਂ ਥਿੜਕ” ਗਏ ਹਨ, ਸਾਨੂੰ ਇਹ ਵਿਚਾਰ ਕਰ ਲੈਣੀ ਚਾਹੀਦੀ ਹੈ ਕਿ ਕੀ ਇਹ ਫੈਸਲਾ ਗੁਰਮਤਿ ਦੇ ਧਾਰਣੀ ਦਾ ਹੈ ਜਾਂ ਨਹੀਂ। ਤੇ ਇਥੇ ਢੁੱਕਦੀ ਹੈ ਅੰਗ੍ਰੇਜੀ ਦੀ ਕਹਾਵਤ।

੪. ਪੂਰੀ ਕਹਾਵਤ ਇਹ ਹੈ ਕਿ ਨਾਉਣ ਦੇ ਪਾਣੀ ਨਾਲ ਨਿਆਣੇ ਨੂੰ ਵੀ ਬਾਹਰ ਸੁੱਟ ਦੇਣਾ, ਜਿਸਦਾ ਮਤਲਬ ਬੜਾ ਸਾਫ ਹੈ ਕਿ ਕੁੱਝ ਮਾੜਾ ਦੂਰ ਕਰਦਿਆਂ ਚੰਗੇ ਨੂੰ ਵੀ ਦੂਰ ਕਰ ਲੈਣਾ। ਇੱਥੇ ਮਸਲਾ ਜਥੇਦਾਰਾਂ ਦੀ ਨਲਾਇਕੀ ਦਾ ਹੈ ਤੇ ਉਹਨਾਂ ਕਾਰਣਾਂ ਦਾ ਹੈ ਜਿਹਨਾਂ ਕਰਕੇ ਇਹ ਨਲਾਇਕੀ ਕੌਮ ਦੇ ਸਿਰ ਤੇ ਬੈਠੀ ਹੈ। ਇਸਦਾ ਹਲ ਇਹ ਨਹੀਂ ਕਿ ਇਸ ਨਲਾਇਕੀ ਤੋਂ ਨਿਜਾਤ ਪਾਉਣ ਲਈ ਅਸੀਂ ਕੌਮ ਦਾ ਸਿਰ ਹੀ ਵੱਢ ਦਈਏ। ਇਸ ਤੋਂ ਵੱਡੀ ਮੂਰਖਤਾਈ ਹੋਰ ਕੀ ਹੋ ਸਕਦੀ ਹੈ?

੫. ਜਿਹੜੇ ਸੱਜਣ ਇਹ ਕਹਿ ਰਹੇ ਹਨ ਪ੍ਰੋ: ਸਾਹਿਬ ਨੂੰ ਜਥੇਦਾਰਾਂ ਦਾ ਸੱਦਾ ਨਹੀਂ ਪ੍ਰਵਾਣ ਕਰਨਾ ਚਾਹੀਦਾ ਉਹਨਾਂ ਨੂੰ ਇਸ ਗੱਲ ਤੇ ਵੀ ਵਿਚਾਰ ਕਰ ਲੈਣੀ ਚਾਹੀਦੀ ਹੈ ਕਿ ਕੱਲ ਨੂੰ ਜਦੋਂ ਪ੍ਰੋ: ਦਰਸ਼ਨ ਸਿੰਘ ਜੀ ਖਾਲਸਾ ਵਰਗੇ ਕਿਸੇ ਜਥੇਦਾਰ ਨੇ ਸ. ਸੁਰਜੀਤ ਸਿੰਘ ਬਰਨਾਲਾ ਵਰਗੇ ਕਿਸੇ ਸਿੱਖ ਨੂੰ ਸਪਸ਼ਟੀਕਰਣ ਦਾ ਸੱਦਾ ਦੇਣਾ ਹੈ ਤਾਂ ਕਿਤੇ ਅੱਜ ਦਾ “ਨਾ-ਪੇਸ਼-ਹੋਣ-ਦਾ-ਫੈਸਲਾ” ਕੱਲ ਨੂੰ ਗੁਰਮਤਿ ਦੇ ਧਾਰਣੀਆਂ ਨੂੰ ਹੀ ਕਮਜੋਰ ਨਾ ਕਰ ਜਾਵੇ।

੬. ਇੱਕ ਹੋਰ ਗੱਲ ਵੀ ਸਾਨੂੰ ਵਿਚਾਰ ਲੈਣੀ ਚਾਹੀਦੀ ਹੈ – ਜੇਕਰ ਕਚਿਹਰੀ ਵਿਚ ਨਿਆਂ ਕਰਣ ਵਾਲਾ ਜੱਜ ਭ੍ਰਸ਼ਟਾਚਾਰੀ ਹੈ ਤਾਂ ਕੀ ਅਸੀਂ ਸਾਰਿਆਂ ਨੂੰ ਇਹ ਹੱਕ ਦੇਣਾ ਚਾਹਾਂਗੇ ਕਿ ਉਹ ਚਾਹੁਣ ਤਾਂ ਕਚਿਹਰੀ ਵਿਚ ਪੇਸ਼ ਹੋਣ ਨਹੀਂ ਤਾਂ ਨਾ ਪੇਸ਼ ਹੋਣ? ਇਹ ਹਰਗਿਜ਼ ਭ੍ਰਸ਼ਟਾਚਾਰ ਨੂੰ ਦੂਰ ਕਰਨ ਦਾ ਤਰੀਕਾ ਨਹੀਂ। ਤਰੀਕਾ ਸਗੋਂ ਇਹ ਹੈ ਕਿ ਨਿਆਂ-ਪ੍ਰਣਾਲੀ ਨੂੰ ਚੰਗੀ ਤਰਾਂ੍ਹ ਘੋਖ ਕੇ ਅਜਿਹੀਆਂ ਦਲੀਲਾਂ ਦਿੱਤੀਆਂ ਜਾਣ ਕਿ ਜਾਂ ਤਾਂ ਜੱਜ ਨਿਆਂ ਕਰਣ ਲਈ ਮਜਬੂਰ ਹੋ ਜਾਵੇ ਤੇ ਜਾਂ ਫਿਰ ਜਨਤਕ ਤੌਰ ਤੇ ਆਪਣਾ ਭ੍ਰਿਸ਼ਟ ਕਿਰਦਾਰ ਆਪਣੇ ਅਨਿਆਂ ਰਾਹੀਂ ਪ੍ਰਗਟ ਕਰ ਦੇਵੇ।

੭. ਪ੍ਰੋ: ਸਰਬਜੀਤ ਸਿੰਘ ਧੂੰਦਾ ਦਾ ਫੈਸਲਾ ਕਿ ਉਹ ਜਥੇਦਾਰਾਂ ਵਲੋਂ ਮੰਗਿਆ ਸਪਸ਼ਟੀਕਰਣ ਜਰੂਰ ਦੇਣਗੇ, ਉਹਨਾਂ ਦੀ ਗੁਰਮਤਿ ਦੀ ਸੋਝੀ ਦਾ ਇਕ ਵੱਡਾ ਪ੍ਰਤੀਕ ਹੈ ਤੇ ਸਾਡੇ ਲਈ ਉਹਨਾਂ ਦੀ ਕਥਾ ਵਾਂਗ ਹੀ ਗੁਰਮਤਿ ਦਾ ਸਬਕ ਵੀ ਹੈ। ਆਓ ਇਸ ਸਬਕ ਨੂੰ ਥੋੜ੍ਹਾ ਵਿਚਾਰੀਏ। ਔਰੰਗਜ਼ੇਬ ਨੇ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਤੇ ਸਿੱਧੇ-ਅਸਿੱਧੇ ਤਰੀਕੇ ਨਾਲ ਸੈਂਕੜਿਆਂ ਸਿੱਖਾਂ ਤੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਵੀ ਕਾਰਣ ਬਣਿਆ। ਪਰ ਗੁਰੂ ਗੋਬਿੰਦ ਸਿੰਘ ਜੀ ਵਲੋਂ ਲਿਖੀ ਚਿਠੀ ਨੇ ਉਸ ਤੇ ਇੰਨਾਂ ਕੁ ਅਸਰ ਪਾਇਆ ਕਿ ਉਸਨੇ ਗੁਰੂ ਸਾਹਿਬ ਨੂੰ ਸੱਦਾ ਭੇਜਿਆ ਕਿ ਮਿਲ ਕੇ ਬੈਠ ਕੇ ਗੱਲ ਕਰੀਏ। ਇਹ ਹੋਰ ਗੱਲ ਹੈ ਕਿ ਇਹ ਮੁਲਾਕਾਤ ਹੋਣ ਤੋਂ ਪਹਿਲਾਂ ਹੀ ਔਰੰਗਜ਼ੇਬ ਦੀ ਮੌਤ ਹੋ ਗਈ। ਫਿਰ ਇਹ ਮੁਲਾਕਾਤ ਦਿੱਲੀ ਦੇ ਬਾਦਸ਼ਾਹ ਅਤੇ ਸੱਚੇ ਪਾਤਸ਼ਾਹ ਵਿਚਕਾਰ ਬਹਾਦਰਸ਼ਾਹ ਦੇ ਸਮੇਂ ਹੋਈ। ਗੱਲ ਕੀ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਸਿੱਖ ਨਿਆਂ ਪ੍ਰਣਾਲੀ ਨੇ ਬੜਾ ਸੁਹਣਾ ਰੂਪ ਧਾਰਿਆ ਜਿਸ ਵਿੱਚ ਸੱਜਣ ਠੱਗ ਹੋਵੇ ਜਾਂ ਦਿੱਲੀ ਦਾ ਬਾਦਸ਼ਾਹ, ਟੀਚਾ ਬਦਲਾ ਲੈਣ ਦਾ ਜਾਂ ਸਜਾ ਦੇਣ ਦਾ ਨਹੀਂ ਰਿਹਾ ਸਗੋਂ ਬੰਦੇ ਦੇ ਕੰਮਾਂ ਨੂੰ ਬਦਲਣ ਦਾ ਰਿਹਾ। ਗੁਰੂ ਪਾਤਸ਼ਾਹ ਨੇ ਸੱਜਣ ਠੱਗ ਦੇ ਕਰਮ ਬਦਲੇ ਨਾ ਕਿ ਉਹਨੂੰ ਦੁਰਕਾਰਿਆ। ਇਸੇ ਤਰਾਂ੍ਹ ਜਦੋਂ ਸਦਾ ਨੰਦ ਤੇ ਵਜ਼ੀਰ ਖਾਨ ਦੀ ਜੋੜੀ ਨੇ ਆਪਣੇ ਕੰਮ ਬਦਲਣ ਤੋਂ ਇੰਨਕਾਰ ਕੀਤਾ ਤਾਂ ਬਾਬਾ ਬੰਦਾ ਸਿੰਘ ਦੀ ਕਮਾਨ ਹੇਠ ਸਜ਼ਾ ਵੀ ਲਾਈ ਗਈ। ਪਰ ਪਹਿਲ ਹਮੇਸ਼ਾ ਬੰਦੇ ਨੂੰ ਆਪਣੀ ਜਿੰਦਗੀ ਨੂੰ ਸਹੀ ਰਾਹ ਵੱਲ ਮੋੜ ਲੈਣ ਦਾ ਮੌਕਾ ਦੇਣ ਨੂੰ ਦਿੱਤੀ ਗਈ।

੮. ਜਿਹੜਾ ਸਪਸ਼ਟੀਕਰਣ ਜਥੇਦਾਰਾਂ ਵਲੋਂ ਮੰਗਿਆ ਗਿਆ ਹੈ ਭਾਵੇਂ ਅਸੀਂ ਜਾਣਦੇ ਹਾਂ ਕਿ ਇਸ ਪਿੱਛੇ ਮੰਸ਼ਾ ਸਹੀ ਨਹੀਂ ਪਰ ਸਾਡਾ ਅੱਜ ਦਾ ਫੈਸਲਾ ਸਿੱਖ ਨਿਆਂ ਪ੍ਰਣਾਲੀ ਦੇ ਭਵਿੱਖ ਤੇ ਵੱਡਾ ਅਸਰ ਪਾ ਸਕਦਾ ਹੈ। ਸਾਡਾ ਟੀਚਾ ਜੱਜ ਬਦਲਣ ਦਾ ਹੋਣਾ ਚਾਹੀਦਾ ਹੈ ਨਾ ਕਿ ਕਚਿਹਰੀ ਦਾ ਨਿਜਾਮ ਹੀ ਖਤਮ ਕਰਣ ਦਾ। ਸਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਕਚਿਹਰੀਆਂ ਵਿਚ ਸਿਰਫ ਕਸੂਰਵਾਰ ਹੀ ਪੇਸ਼ ਨਹੀਂ ਹੁੰਦੇ ਸਗੋਂ ਕਈ ਵਾਰੀ ਜਿਸਦਾ ਕੋਈ ਕਸੂਰ ਨਾ ਵੀ ਹੋਵੇ ਉਸਨੂੰ ਵੀ ਪੇਸ਼ ਹੋ ਕੇ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨਾ ਪੈਂਦਾ ਹੈ। ਜੇਕਰ ਕੋਈ ਨਿਰਦੋਸ਼ ਪੇਸ਼ ਹੋਣ ਤੋਂ ਹੀ ਨਾਂਹ ਕਰ ਦੇਵੇ ਤਾਂ ਉਹ ਸਿੱਧਾ ਹੀ ਦੋਸ਼ੀ ਕਰਾਰ ਦੇ ਦਿੱਤਾ ਜਾਂਦਾ ਹੈ। ਸਾਡੇ ਲਈ ਸਬਕ ਬੜਾ ਸਿੱਧਾ ਹੈ।

੯. ਹੁਣ ਆਪਾਂ ਗੱਲ ਕਰੀਏ ਪ੍ਰੋ: ਦਰਸ਼ਨ ਸਿੰਘ ਖਾਲਸਾ ਦੀ। ਪ੍ਰੋ: ਸਾਹਿਬ ਨੇ ਜਥੇਦਾਰਾਂ ਨੂੰ ਮਿਲਣ ਤੋਂ ਕਦੇ ਵੀ ਨਾਂਹ ਨਹੀਂ ਕੀਤੀ। ਉਹਨਾਂ ਨੇ ਮਸਲਾ ਉਠਾਇਆ ਮਿਲਣ ਦੀ ਜਗਾ੍ਹ ਦਾ – ਕਿ ਕਚਿਹਰੀ ਵਿੱਚ ਮਿਲਣਾ ਹੈ ਕਿ ਜੱਜ ਦੇ ਕਮਰੇ ਵਿੱਚ। ਮਸਲਾ ਬਿਲਕੁੱਲ ਸਹੀ ਸੀ ਤੇ ਇਹ ਮਸਲਾ ਕੌਮ ਨੂੰ ਸੁਲਝਾਉਣਾ ਵੀ ਪੈਣਾ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਕੌਮ ਦੇ ਸੂਝਵਾਨ ਇਸ ਮਸਲੇ ਵਿਚ ਪ੍ਰੌ: ਸਾਹਿਬ ਨਾਲ ਡੱਟ ਕੇ ਖੜ੍ਹੇ ਹਨ। ਇਹਨਾਂ ਨਾਲ ਖੜ੍ਹੇ ਹੋਣ ਵਾਲਿਆਂ ਵਿਚ ਪ੍ਰੋ: ਧੂੰਦਾ ਵੀ ਹਨ। ਹੁਣ ਗੱਲ ਸਮਝਣ ਵਾਲੀ ਇਹ ਹੈ ਕਿ ਜਦੋਂ ਸਿੱਖਾਂ ਨੇ ਲਾਹੌਰ ਦੀਆਂ (ਤੇ ਬਾਦ ਵਿੱਚ ਅਬਦਾਲੀ ਦੀਆਂ) ਫੌਜਾਂ ਦਾ ਮੂੰਹ ਭੰਨਿਆ ਤਾਂ ਉਹਨਾਂ ਗੁਰਿੱਲਾ-ਯੁੱਧ ਦੀ ਨੀਤੀ ਅਪਣਾਈ। ਪਰ ਲੋੜ ਪੈਣ ਤੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੇ ਸੋਟਿਆਂ ਨਾਲ ਹੀ ਆਹਮਣੇ-ਸਾਹਮਣੇ ਮੁਕਾਬਲਾ ਵੀ ਕੀਤਾ ਤੇ ਸ਼ਹੀਦੀ ਪਾਈ।

੧੦. ਸਾਨੂੰ ਇਹ ਗੱਲ ਦਿਮਾਗ ਵਿਚੋਂ ਕੱਢ ਦੇਣੀ ਚਾਹੀਦੀ ਹੈ ਕਿ ਗੁਰਿੱਲਾ-ਯੁੱਧ ਵਿੱਚ ਸ਼ਹੀਦੀ ਪਾਉਣ ਵਾਲਾ ਵੱਡਾ ਸ਼ਹੀਦ ਹੈ ਕਿ ਆਹਮਣੇ-ਸਾਹਮਣੇ ਦੀ ਲੜਾਈ ਵਿਚ ਸ਼ਹੀਦ ਹੋਣ ਵਾਲਾ। ਕਿਉਂਕਿ ਇਹ ਤਾਂ ਮਸਲਾ ਹੈ ਹੀ ਨਹੀਂ। ਇਸੇ ਤਰਾਂ ਬਹਿਸ ਤਾਂ ਇਸ ਗੱਲ ਤੇ ਹੋਣੀ ਚਾਹੀਦੀ ਹੈ ਕਿ ਕੀ ਪ੍ਰੋ: ਦਰਸ਼ਨ ਸਿੰਘ ਵਾਂਗ ਪ੍ਰੋ: ਧੂੰਦਾ ਨੂੰ ਵੀ ਇਸ ਗੱਲ ਤੇ ਅੜ ਜਾਣਾ ਚਾਹੀਦਾ ਹੈ ਕਿ ਉਹ ਜਥੇਦਾਰਾਂ ਨੂੰ ਕਮਰੇ ਵਿਚ ਮਿਲਣਗੇ ਕਿ ਅਕਾਲ ਤਖਤ ਤੇ ਸੰਗਤ ਵਿਚ।

੧੧. ਮੇਰਾ ਵਿਚਾਰ ਇਹ ਹੈ ਕਿ ਪ੍ਰੋ: ਧੂੰਦਾ ਨੂੰ ਹੇਠ ਲਿਖੇ ਕਦਮ ਚੁੱਕਣੇ ਚਾਹੀਦੇ ਹਨ:
a) ਜਥੇਦਾਰ ਅਕਾਲ ਤਖਤ ਤੋਂ ਚਿੱਠੀ ਮੰਗਣ ਕਿ ਜਿਹੜੀਆਂ ਖਬਰਾਂ ਅਖਬਾਰਾਂ ਵਿਚ ਛਪੀਆਂ ਹਨ ਕੀ ਉਹ ਸਹੀ ਹਨ? ਕੀ ਅਕਾਲ ਤਖਤ ਵਲੋਂ ਉਹਨਾਂ ਕੋਲੋਂ ਕਿਸੇ ਸਪਸ਼ਟੀਕਰਣ ਦੀ ਮੰਗ ਕੀਤੀ ਗਈ ਹੈ?
ਅ) ਜੇਕਰ ਕੋਈ ਸਪਸ਼ਟੀਕਰਣ ਮੰਗਿਆ ਗਿਆ ਹੈ ਤਾਂ ਵਿਸਤਾਰ ਵਿਚ ਦੱਸਿਆ ਜਾਵੇ ਤਾਂ ਕਿ ਇਸਦਾ ਵਿਸਤਾਰ ਵਿਚ ਜਵਾਬ ਵੀ ਦੇ ਦਿੱਤਾ ਜਾਵੇ।
e) ਜੇਕਰ ਲਿਖਤੀ ਸਪਸ਼ਟੀਕਰਣ ਮੰਗਦੇ ਹਨ ਤਾਂ ਇਹ ਦੇਣ ਲਗਿਆਂ ਇਹ ਵੀ ਲਿਖ ਦਿੱਤਾ ਜਾਵੇ ਕਿ ਜੇਕਰ ਜਥੇਦਾਰ ਆਹਮਣੇ-ਸਾਹਮਣੇ ਬੈਠ ਕੇ ਵਿਚਾਰ ਕਰਨੀ ਲੋਚਦੇ ਹਨ ਤਾਂ ਮਿਲਣ ਦੀ ਜਗ੍ਹਾ, ਸਮਾਂ ਤੇ ਮਿਤੀ ਲਿਖਤੀ ਰੂਪ ਵਿਚ ਦੱਸ ਦੇਣ।
ਸ) ਜੇਕਰ ਚਿਠੀ ਵਿਚ ਮਿਲਣ ਦੀ ਜਗ੍ਹਾ ਅਕਾਲ ਤਖਤ ਲਿਖੀ ਹੈ ਤਾਂ ਕੋਈ ਮਸਲਾ ਨਹੀਂ। ਜੇਕਰ ਕੋਈ ਹੋਰ ਜਗ੍ਹਾ ਲਿਖਦੇ ਹਨ ਤਾਂ ਇਤਿਹਾਸਕ ਹਵਾਲੇ ਦੇ ਕੇ ਮਿਲਣ ਦੀ ਜਗ੍ਹਾ ਅਕਾਲ ਤਖਤ ਮਿੱਥਣ ਦੀ ਸਨਿਮਰ ਬੇਨਤੀ ਕੀਤੀ ਜਾਣੀ ਚਾਹੀਦੀ ਹੈ। ਇਸ ਬੇਨਤੀ ਦੇ ਜਵਾਬ ਵਿਚ ਜਥੇਦਾਰ ਜੇਕਰ ਅਕਾਲ ਤਖਤ ਤੇ ਮਿਲਣ ਤੋਂ ਮੰਨਾ ਕਰਦੇ ਹਨ ਤਾਂ ਉਹ ਸੰਗਤ ਸਾਹਮਣੇ ਝੂਠੇ ਪੈਂਦੇ ਹਨ। ਇਨਾ ਹੀ ਸਾਡੇ ਲਈ ਕਾਫੀ ਹੋਣਾ ਚਾਹੀਦਾ ਹੈ। ਕਿਉਂਕਿ ਜਿਹੜਾ ਮੁੱਦਾ ਪ੍ਰੋ: ਦਰਸ਼ਨ ਸਿੰਘ ਖਾਲਸਾ ਨੇ ਉਠਾਇਆ ਉਸਨੂੰ ਸਾਨੂੰ ਹਰ ਮੌਕੇ ਸੰਗਤ ਦੇ ਧਿਆਨ ਗੋਚਰੇ ਕਰਣ ਦੀ ਹੀ ਲੋੜ ਹੈ ਜਦੋਂ ਤੱਕ ਇਹ ਸੁਲਝ ਨਹੀਂ ਜਾਂਦਾ ਨਾ ਕਿ ਇਸਨੂੰ ਦੁਸ਼ਮਣ ਧਿਰ ਦੇ ਹੱਥ ਇਕ ਹਥਿਆਰ ਬਣਾ ਕੇ ਦੇਣ ਦੀ ਗਲਤੀ ਕਰਣ ਦੀ ਜਿਸ ਨਾਲ ਉਹ ਸਾਡੇ ਗੁਰਮਤਿ ਦੇ ਪ੍ਰਚਾਰਕਾਂ ਨੂੰ ਇਕ ਇਕ ਕਰਕੇ ਤਨਖਾਹੀਏ ਕਰਾਰ ਦੇਈ ਜਾਣ।

ਆਓ ਬਹਿਸ ਨੂੰ “ਯੁੱਧ-ਨੀਤੀ” ਤੱਕ ਹੀ ਸੀਮਿਤ ਰੱਖੀਏ ਨਾ ਕਿ ਇਸ ਗੱਲ ਤੇ ਸਮਾਂ ਖਰਾਬ ਕਰੀਏ ਕਿ ਯੁੱਧ ਸਿਰਫ ਪਹਿਲੀ ਜੰਗ ਵਾਲੀ ਥਾਂ ਹੀ ਲੜਣਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਇਹ ਵੀ ਵਿਚਾਰ ਲੈਣਾ ਚਾਹੀਦਾ ਹੈ ਕਿ ਅਸੀਂ ਜਾਣਦੇ ਹਾਂ ਸ਼੍ਰੋ ਗੁ. ਪ੍ਰ. ਕ. ਆਰ ਐੱਸ ਐੱਸ ਦੀ ਗਰਿਫਤ ਵਿਚ ਹੈ ਤੇ ਪ੍ਰੋ: ਧੂੰਦਾ ਵਾਲਾ ਮਸਲਾ ਉਹਨਾਂ ਦੀ ਰਣਨੀਤੀ ਦਾ ਹੀ ਹਿੱਸਾ ਹੈ। ਅਗਲੇ ਲੇਖਾਂ ਵਿਚ ਇਹ ਵੀ ਵਿਚਾਰੀਏ ਕਿ ਆਰ ਐੱਸ ਐੱਸ ਇਸ ਵਿਚੋਂ ਕੀ ਪ੍ਰਾਪਤ ਕਰਨਾ ਲੋਚਦੀ ਹੈ। ਇਹ ਸੱਭ ਵਿਚਾਰ ਕੇ ਹੀ ਅਸੀਂ ਸਹੀ ਰਣ-ਨੀਤੀ ਬਣਾਉਣ ਵਿਚ ਸਫਲ ਹੋਵਾਂਗੇ।

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s