Home

ਗੁਰੂ ਨਾਨਕ ਸਾਹਿਬ ਦੀ ਜਨਮ ਮਿਤੀ

ਲੇਖਕ: ਵਰਪਾਲ ਸਿੰਘ
[verpalsingh@yahoo.com; PO Box 76730, Manukau City, Auckland, New Zealand]

[Please also read the email exchange on this issue and Dr Dilgeer’s full article at this link:
Dr Dilgeer’s Strange Effort]

ਕੁੱਝ ਦਿਨ ਪਹਿਲਾਂ ਈ-ਮੇਲ ਰਾਹੀਂ ਡਾ ਹਰਜਿੰਦਰ ਸਿੰਘ ਦਿਲਗੀਰ ਦਾ ਗੁਰੂ ਨਾਨਕ ਸਾਹਿਬ ਦੇ ਜਨਮ ਦੀ ਮਿਤੀ ਬਾਰੇ ਇਕ ਲੇਖ ਮੇਰੇ ਕੋਲ ਪਹੁੰਚਾ। ਪੜ੍ਹ ਕੇ ਬੜੀ ਹੈਰਾਨੀ ਹੋਈ ਕਿ ਦਿਲਗੀਰ ਸਾਹਿਬ ਨੇ ਇਹ ਸਾਬਤ ਕਰਣ ਲਈ ਕਿ “ਗੁਰੂ ਨਾਨਕ ਸਾਹਿਬ ਦਾ ਜਨਮ ਵਿਸਾਖ ਵਿਚ ਨਹੀਂ ਸਗੋਂ ਕੱਤਕ ਵਿਚ ਹੋਇਆ ਸੀ” ਇਕ ਖਿਆਲੀ ਪੁਲਾਅ ‘ਅਸਲ ਜਨਮਸਾਖੀ ਭਾਈ ਬਾਲਾ’ ਪਕਾ ਲਿਆ।

ਸੰਖੇਪ ਵਿਚ ਉਨ੍ਹਾਂ ਦੀ ਦਲੀਲ ਇਹ ਸੀ ਕਿ ਕਰਮ ਸਿੰਘ ਹਿਸਟੋਰੀਅਨ ਨੇ ਬਾਲਾ ਜਨਮਸਾਖੀ ਰੱਦ ਕੀਤੀ ਸੀ ਇਸ ਕਰਕੇ ਉਸਨੇ ਕੱਤਕ ਨੂੰ ਵੀ ਰੱਦ ਕਰ ਦਿੱਤਾ ਤੇ ਕੇਵਲ ਮਿਹਰਬਾਨ ਵਾਲੀ ਜਨਮਸਾਖੀ ਦੇ ਅਧਾਰ ਤੇ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਵਿਸਾਖ ਦਾ ਗਰਦਾਨ ਦਿੱਤਾ।

ਹੁਣ ਕਿਉਂਕਿ ਦਿਲਗੀਰ ਸਾਹਿਬ ਨੇ ਆਪ ਕੱਤਕ ਨੂੰ ਸਹੀ ਦੱਸਣਾ ਸੀ ਤੇ ਕੱਤਕ ਦਾ ਜ਼ਿਕਰ ਪਹਿਲੀ ਵਾਰ ਬਾਲੇ ਵਾਲੀ ਜਨਮਸਾਖੀ ਵਿੱਚ ਹੀ ਆਉਂਦਾ ਹੈ (ਜਿਸਨੂੰ ਕਰਮ ਸਿੰਘ ਹਿਸਟੋਰੀਅਨ ਨੇ ਬੜੇ ਸੁਹਣੇ ਤਰੀਕੇ ਨਾਲ ਸੌ ਸਾਲ ਪਹਿਲਾਂ ਹੰਦਾਲੀਆਂ ਦੀ ਕਿਰਤ ਸਾਬਤ ਕਰ ਦਿੱਤਾ ਸੀ) ਉਹਨਾਂ ਲਈ ਇਹ ਜਰੂਰੀ ਬਣ ਗਿਆ ਕਿ ਮੁੜ ਬਾਲੇ ਵਾਲੀ ਜਨਮਸਾਖੀ ਨੂੰ ਸਹੀ ਕਰਾਰ ਦੇਣ। ਇਸ ਮਨੋਰਥ ਨੂੰ ਪੂਰਾ ਕਰਣ ਲਈ ਉਹਨਾਂ ਹਵਾ ਵਿਚੋਂ ਹੀ ਇਕ ‘ਅਸਲ ਜਨਮਸਾਖੀ ਭਾਈ ਬਾਲਾ’ ਪੇਸ਼ ਕਰ ਦਿੱਤੀ। ਉਹਨਾਂ ਦੇ ਆਪਣੇ ਸ਼ਬਦਾਂ ਵਿੱਚ ਇਹ ਕਰਿਸ਼ਮਾ ਇਸ ਤਰਾਂ ਵਾਪਰਿਆ:
“ਇੱਥੇ ‘ਭਾਈ ਬਾਲੇ ਵਾਲੀ ਜਨਮ ਸਾਖੀ’ ਦੀ ਗੱਲ ਕਰਨੀ ਵੀ ਬਣਦੀ ਹੈ। ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੀ ਤਵਾਰੀਖ਼ (ਜਨਮਸਾਖੀ) ਲਿਖਵਾਈ ਸੀ। ਇਹ ਵਖਰੀ ਗੱਲ ਹੈ ਕਿ ਜੰਗਾਂ ਤੇ ਜ਼ੁਲਮਾਂ ਦੀ ਹੰਗਾਮੀ ਹਾਲਤ ਕਾਰਨ ਸਿੱਖ ਕੌਮ ਉਸ ਤਵਾਰੀਖ਼ (ਅਸਲ ਜਨਮ ਸਾਖੀ) ਨੂੰ ਸੰਭਾਲ ਨਹੀਂ ਸਕੀ। ਜਿਹੜੀ ‘ਭਾਈ ਬਾਲੇ ਵਾਲੀ ਜਨਮ ਸਾਖੀ’ ਅੱਜ ਮਿਲਦੀ ਹੈ ਉਹ ਅਸਲੀ ਜਨਮ ਸਾਖੀ ਵਿਚ ਜੰਡਿਆਲਾ ਕਸਬੇ ਦੇ ਹੰਦਾਲੀਆਂ (ਬਿਧੀਚੰਦੀਆਂ) ਵੱਲੋਂ ਮਿਲਾਏ ਗਏ ਖੋਟ ਨਾਲ ਭਰਪੂਰ ਹੈ, ਉਨ੍ਹਾਂ ਕੋਲ ਅਸਲ ਜਨਮ ਸਾਖੀ ਮੌਜੂਦ ਸੀ ਜਿਸ ਨੂੰ ਉਨ੍ਹਾਂ ਨੇ ਵਿਗਾੜ ਕੇ ਤੇ ਉਸ ਵਿਚ ਖੋਟ ਸ਼ਾਮਿਲ ਕਰ ਕੇ, ਅਸਲ ਜਨਮਸਾਖੀ ਕਹਿ ਕੇ ਪ੍ਰਚਾਰਿਆ। ਪਰ, ਅਜਿਹਾ ਜਾਪਦਾ ਹੈ ਕਿ ਜਦ ਭਾਈ ਗੁਰਦਾਸ ਨੇ ਆਪਣੀ ਪਹਿਲੀ ਵਾਰ ਲਿਖੀ ਤਾਂ ਉਨ੍ਹਾਂ ਕੋਲ ਉਹ ਜਨਮ ਸਾਖੀ ਅਜੇ ਮੌਜੂਦ ਸੀ ਕਿਉਂ ਕਿ ਉਸ ਤੋਂ ਬਿਨਾਂ ਭਾਈ ਗੁਰਦਾਸ ਉਸ ਵਾਰ ਵਿਚ ਏਨੀ ਤਫ਼ਸੀਲ ਨਹੀਂ ਸਨ ਦੇ ਸਕਦੇ।”

ਇਸ ਇਕ ਪਹਿਰੇ ਵਿਚ ਇੰਨੀਆਂ ਕੁ ਕੁਤਾਹੀਆਂ ਹਨ ਕਿ ਸੁਹਿਰਦ ਪਾਠਕ ਦਿਲਗੀਰ ਸਾਹਿਬ ਦੀ ਦਿਆਨਤਦਾਰੀ ਤੇ ਸ਼ੱਕ ਕਰਣ ਲਈ ਮਜਬੂਰ ਹੋ ਜਾਂਦਾ ਹੈ।

ਪਹਿਲੀ ਕੁਤਾਹੀ ਇਹ ਕਿ ਡਾ ਦਿਲਗੀਰ ਆਪਣੇ ਇਸ ਬਿਆਨ ਦੇ ਹੱਕ ਵਿਚ ਕੋਈ ਸਬੂਤ ਨਹੀਂ ਦਿੰਦੇ ਕਿ ਗੁਰੂ ਅੰਗਦ ਸਾਹਿਬ ਨੇ ਕਦੇ ਕੋਈ ਜਨਮਸਾਖੀ ਲਿਖਵਾਈ। ਖਿਆਲ ਰਹੇ ਕਿ ਜਨਮਸਾਖੀ ਸਿਰਫ ਤੇ ਸਿਰਫ ਗੁਰੂ ਨਾਨਕ ਸਾਹਿਬ ਦੀ ਹੀ ਲਿਖੀ ਗਈ ਹੈ, ਹੋਰ ਕਿਸੇ ਗੁਰੂ ਸਾਹਿਬ ਦੀ ਕਦੇ ਵੀ ਨਹੀਂ – ਇਸ ਗੱਲ ਦੀ ਅਹਮੀਅਤ ਨੂੰ ਅਸੀਂ ਅਗਾਂਹ ਵਿਚਾਰਾਂਗੇ। ਸੋ ਬਿਨਾਂ ਸਬੂਤ ਦੇ ਪਾਠਕਾਂ ਤੋਂ ਇਹ ਤਵੱਕੋ ਕੀਤੀ ਜਾ ਰਹੀ ਹੈ ਕਿ ਡਾ ਦਿਲਗੀਰ ਦੇ ਕਹੇ ਨੂੰ ਸਿਰ-ਮੱਥੇ ਜਾਣ ਕੇ ਸਾਰੇ ਇਹ ਮੰਨ ਲੈਣ ਕਿ ਦੂਜੇ ਪਾਤਸ਼ਾਹ ਨੇ ਕੋਈ ਜਨਮਸਾਖੀ ਲਿਖਵਾਈ ਸੀ।

ਦੂਜੀ ਕੁਤਾਹੀ ਇਹ ਕਿ “ਜੰਗਾਂ ਤੇ ਜ਼ੁਲਮਾਂ ਦੀ ਹੰਗਾਮੀ ਹਾਲਤ” ਦਾ ਗਲਤ ਹਵਾਲਾ ਦੇ ਕੇ “ਅਸਲ ਜਨਮਸਾਖੀ” ਦੇ ਗੁੰਮ ਹੋ ਜਾਣ ਨੂੰ ਸਾਬਤ ਕਰਣ ਦੀ ਕੋਸ਼ਿਸ਼। ਜੇਕਰ ਇਹ ਦਲੀਲ ਸਹੀ ਹੁੰਦੀ ਤਾਂ ਇਹ ਪੁਰਾਤਨ ਜਨਮਸਾਖੀ ਤੇ ਵੀ ਲਾਗੂ ਹੋਣੀ ਚਾਹੀਦੀ ਸੀ ਤੇ ਮਿਹਰਬਾਨ ਵਾਲੀ ਜਨਮਸਾਖੀ ਤੇ ਵੀ। ਅਤੇ ਸੱਭ ਤੋਂ ਵੱਡੀ ਗੱਲ – ਹਰ ਤਰ੍ਹਾਂ ਦੀ ਘਮਾਸਾਨ ਲੜਾਈ ਵਿਚ ਵੀ ਸਿੱਖ ਕੌਮ ਨੇ ਗੁਰੂ ਗ੍ਰੰਥ ਸਾਹਿਬ ਦੀ ਸ਼ਾਨ ਵਿਚ ਕੋਈ ਗੁਸਤਾਖੀ ਨਹੀਂ ਹੋਣ ਦਿੱਤੀ। ਡਾ ਦਿਲਗੀਰ ਦਾ ਅਤੇ ਕਈਆਂ ਹੋਰਨਾਂ ‘ਇਤਿਹਾਸਕਾਰਾਂ’ ਦਾ ਇਹ ਬਿਆਨ ਕਿ “ਜੰਗਾਂ ਤੇ ਜ਼ੁਲਮਾਂ ਦੀ ਹੰਗਾਮੀ ਹਾਲਤ ਵਿਚ ਸਿੱਖ ਆਪਣੇ ਇਤਿਹਾਸਕ ਗ੍ਰੰਥਾਂ ਨੂੰ ਗੁਆ ਬੈਠੇ” ਕੋਈ ਬਹੁਤਾ ਸੁਹਿਰਦ ਨਹੀਂ ਲਗਦਾ, ਖਾਸ ਕਰਕੇ ਜਦੋਂ ਅਸੀਂ ਇਸ ਗੱਲ ਵੱਲ ਧਿਆਨ ਦਿੰਦੇ ਹਾਂ ਕਿ ਇਹ ਬਿਆਨ ਅਜੇ ਤੱਕ ਸਿਰਫ ਉਹਨਾਂ ਲਿਖਤਾਂ ਤੇ ਹੀ ਲਾਗੂ ਕੀਤਾ ਗਿਆ ਜਿਹੜੀਆਂ 18ਵੀਂ-19ਵੀਂ ਸਦੀ ਵਿਚ “ਦਸਮੇਂ ਪਾਤਸ਼ਾਹ ਦਾ ਗ੍ਰੰਥ” ਸਿਰਲੇਖ ਹੇਠ ਇਕ ਜਿਲਦ ਵਿਚ ਇਕੱਠੀਆਂ ਕੀਤੀਆਂ ਗਈਆਂ। ਮੈਨੂੰ ਤਾਂ ਇਹ ਵੀ ਸ਼ੱਕ ਹੋ ਰਿਹਾ ਹੈ ਕਿ ਦਿਲਗੀਰ ਸਾਹਿਬ ਕਿਤੇ ਹੁਣ ਇਹ ਨਾ ਕਹਿਣ ਕਿ ਜਦੋਂ ਉਹਨਾਂ 1984 ਵਿਚ ਭਾਰਤ ਛੱਡਿਆ ਉਹ ਕਈ ਹੱਥ-ਲਿਖਤਾਂ ਆਪਣੇ ਨਾਲ ਲੈ ਆਏ ਸਨ ਜਿਹਨਾਂ ਵਿਚ “ਅਸਲ ਭਾਈ ਬਾਲੇ ਵਾਲੀ ਜਨਮਸਾਖੀ” ਵੀ ਇਕ ਹੈ!

ਇਹ ਵੀ ਯਾਦ ਰਹੇ ਕਿ ਕੌਮ ਉਤੇ ਜੁਲਮ ਦੇ ਦੌਰ ਵਿਚ ਵੀ ਅਫਗਾਨੀ ਸੰਗਤ ਅਤੇ ਹਿੰਦੋਸਤਾਨ ਵਿਚ ਪੰਜਾਬ ਤੋਂ ਬਾਹਰ ਹੋਰਨਾਂ ਇਲਾਕਿਆਂ ਦੀਆਂ ਸਿੱਖ ਸੰਗਤਾਂ ਆਪਣੀ ਰੋਜਾਨਾ ਦੀ ਜਿੰਦਗੀ ਪਹਿਲਾਂ ਵਾਂਗ ਹੀ ਜੀਊ ਰਹੀਆਂ ਸਨ। ਪੰਜਾਬ ਵਿਚ ਵੀ ਸੁਬੇਗ ਸਿੰਘ (ਤੇ ਸ਼ਾਹਬਾਜ਼ ਸਿੰਘ) ਵਰਗੇ ਸਿੱਖ ਸਰਕਾਰੀ ਨੌਕਰੀਆਂ ਵਿਚ ਸਨ। ਇੱਥੇ ਮੁੱਦਾ ਇਹ ਨਹੀਂ ਕਿ “ਜੰਗਾਂ ਤੇ ਜ਼ੁਲਮਾਂ ਦੀ ਹੰਗਾਮੀ ਹਾਲਤ” ਤੋਂ ਸਾਨੂੰ ਕੀ ਸਮਝਣਾ ਚਾਹੀਦਾ ਹੈ ਤੇ ਕੌਮ ਤੇ ਵਰਤੇ ਦੋ ਘੱਲੂਘਾਰਿਆਂ ਨੂੰ ਅਸੀਂ ਉਸ ਸਮੇਂ ਦੀ ਆਮ ਜਿੰਦਗੀ ਵਿਚ ਕਿਵੇਂ ਬਿਠਾਉਣਾ ਹੈ (ਇਸ ਵਿਸ਼ੇ ਨੂੰ ਵੀ ਕਿਸੇ ਮੌਕੇ ਲੇਖ ਦੇ ਰੂਪ ਵਿਚ ਨਜਿੱਠਾਂਗੇ)। ਮੁੱਦਾ ਸਾਡੇ ਸਾਹਮਣੇ ਇਹ ਹੈ ਕਿ ਇਕ ਹਵਾ ਵਿਚੋਂ ਹਾਜਰ ਕੀਤੀ “ਅਸਲ ਜਨਮਸਾਖੀ ਭਾਈ ਬਾਲਾ” ਨੂੰ “ਜੰਗਾਂ ਤੇ ਜ਼ੁਲਮਾਂ ਦੀ ਹੰਗਾਮੀ ਹਾਲਤ” ਦੇ ਹਵਾਲੇ ਰਾਹੀਂ ਨਦਾਰਦ ਵੀ ਕਰ ਦਿੱਤਾ ਜਾਂਦਾ ਹੈ। ਡਾ ਦਿਲਗੀਰ ਇਸ ਸਾਰੇ ਖਿਆਲੀ ਪੁਲਾਅ ਵਿਚ ਸਿੱਖ ਕੌਮ ਦੀ ਮਾਨਸਿਕਤਾ ਤੇ ੧੮ਵੀਂ ਸਦੀ ਦੇ ਤਸ਼ੱਦਦ ਦੀਆਂ ਡੂੰਘੀਆਂ ਸੱਟਾਂ ਦੇ ਨਿਸ਼ਾਨਾਂ ਦਾ ਲੂਣ ਰਲਾ ਕੇ ਇਸ ਨੂੰ ਪਾਚਣ ਯੋਗ ਬਣਾਉਣ ਦੀ ਕੋਸ਼ਿਸ਼ ਕਰਦੇ ਜਾਪਦੇ ਹਨ।

ਤੀਜੀ ਕੁਤਾਹੀ ਇਹ ਕਿ ਆਪਣਾ ਪਹਿਲਾਂ ਤੋਂ ਮਿਥਿਆ ਵਿਚਾਰ ਕੌਮ ਤੇ ਥੋਪਣ ਲਈ ਡਾ ਦਿਲਗੀਰ ਇਤਿਹਾਸ ਨਾਲ ਵੀ ਖਿਲਵਾੜ ਕਰ ਜਾਂਦੇ ਹਨ। ਕਰਮ ਸਿੰਘ ਹਿਸਟੋਰੀਅਨ ਵਲੋਂ ਬਾਲੇ ਵਾਲੀ ਜਨਮਸਾਖੀ ਵਿਚੋਂ ਕੱਢੇ ਨੁਕਸਾਂ ਦਾ ਡਾ ਦਿਲਗੀਰ ਜਾਂ ਕਿਸੇ ਹੋਰ ਕੋਲ ਕੋਈ ਇਲਾਜ ਨਹੀਂ ਕਿਉਂਕਿ ਇਹ ਨੁਕਸ ਸਾਰਿਆਂ ਦੇ ਸਾਹਮਣੇ ਹਨ। ਬਿਨਾਂ ਇਹਨਾਂ ਨੁਕਸਾਂ ਦੇ ਇਲਾਜ ਤੋਂ ਬਾਲੇ ਵਾਲੀ ਜਨਮਸਾਖੀ ਨੂੰ ਕੌਮ ਨੇ ਕਦੇ ਵੀ ਸਵਿਕਾਰਣਾ ਨਹੀਂ। ਪਰ ਕੱਤਕ ਨੂੰ ਸਹੀ ਦੱਸਣ ਲਈ ਬਾਲੇ ਵਾਲੀ ਜਨਮਸਾਖੀ ਨੂੰ ਸਵਿਕਾਰਣਾ ਇਕ ਮਜਬੂਰੀ ਬਣ ਜਾਂਦਾ ਹੈ ਕਿਉਂਕਿ ਬਾਲੇ ਵਾਲੀ ਜਨਮਸਾਖੀ ਪਹਿਲੀ ਲਿਖਤ ਹੈ ਜਿਹੜੀ ਗੁਰੂ ਨਾਨਕ ਸਹਿਬ ਦੀ ਜਨਮ ਮਿਤੀ ਕੱਤਕ ਦੀ ਦੱਸਦੀ ਹੈ। ਸੋ ਇਸ ਸਾਰੀ ਗੁੰਝਲ ਨੂੰ ਸੁਲਝਾਉਣ ਲਈ ਡਾ ਦਿਲਗੀਰ “ਅਸਲ ਜਨਮਸਾਖੀ ਭਾਈ ਬਾਲਾ” ਦਾ ਕਬੂਤਰ ਆਪਣੀ ਇਤਿਹਾਸਕਾਰ ਦੀ ਟੋਪੀ ਵਿਚੋਂ ਇਸ ਲੇਖ ਵਿਚ ਕੱਢਦੇ ਨਜਰ ਆਉਂਦੇ ਹਨ। ਪਰ ਫਿਰ ਵੀ ਉਹ ਇਹ ਨਹੀਂ ਸਮਝ ਰਹੇ ਜਾਪਦੇ ਕਿ ਜਦੋਂ ਲੋਕਾਂ ਨੇ ਜਾਦੂਗਰ ਨੂੰ ਟੋਪੀ ਅੰਦਰ ਕਬੂਤਰ ਲੁਕਾਉਂਦੇ ਹੀ ਵੇਖ ਲਿਆ ਤਾਂ ਕਬੂਤਰ ਬਾਹਰ ਕੱਢਣ ਤੇ ਲੋਕਾਂ ਤਾੜੀਆਂ ਨਹੀਂ ਮਾਰਣੀਆਂ ਸਗੋਂ ਹੱਸਣਾ ਹੀ ਹੈ। ਖਿਆਲ ਕਰਿਓ ਕਿ ਡਾ ਦਿਲਗੀਰ ਦੀ “ਅਸਲ ਜਨਮਸਾਖੀ ਭਾਈ ਬਾਲਾ” ਦੀ ਦਲੀਲ ਇੰਨੀ ਕਮਜੋਰ ਹੈ ਕਿ ਇਹ ਆਪਣੇ ਆਪ ਨੂੰ ਆਪੇ ਹੀ ਖਤਮ ਕਰ ਦਿੰਦੀ ਹੈ। ਆਓ ਥੋੜ੍ਹਾ ਇਸ ਤੇ ਵਿਚਾਰ ਕਰੀਏ।

ਇਤਿਹਾਸਕਾਰ ਲਈ ਇਹ ਮੁੱਢਲਾ ਅਸੂਲ ਹੈ ਕਿ ਉਹ ਉਨੀਂ ਦੇਰ ਕਿਸੇ ਜਾਣਕਾਰੀ ਤੇ ਯਕੀਨ ਨਹੀਂ ਕਰਦਾ ਜਿੰਨਾ ਚਿਰ ਉਸ ਜਾਣਕਾਰੀ ਦੀ ਪ੍ਰੋੜਤਾ ਕਿਸੇ ਹੋਰ ਅਜਾਦ ਲਿਖਾਰੀ ਵਲੋਂ ਵੀ ਨਾ ਕੀਤੀ ਗਈ ਹੋਵੇ, ਤੇ ਜਾਂ ਫਿਰ ਲਿਖਾਰੀ ਦੀਆਂ ਹੋਰਨਾਂ ਲਿਖਤਾਂ ਤੋਂ ਇਹ ਸਾਬਤ ਹੋ ਚੁੱਕਾ ਹੋਵੇ ਕਿ ਉਹ ਲਿਖਾਰੀ ਸਹੀ ਜਾਣਕਾਰੀ ਹੀ ਦਿੰਦਾ ਹੈ ਤੇ ਗਲਤੀ ਘੱਟ ਹੀ ਕਰਦਾ ਹੈ। ਜਦੋਂ ਅਸੀਂ ਇਹ ਅਸੂਲ ਮੌਜੂਦਾ ਬਾਲੇ ਵਾਲੀ ਜਨਮਸਾਖੀ ਤੇ ਲਾਉਂਦੇ ਹਾਂ ਤਾਂ ਸਾਫ਼ ਹੋ ਜਾਂਦਾ ਹੈ ਕਿ ਜੇਕਰ ਅਸੀਂ ਇਹ ਮੰਨ ਵੀ ਲਈਏ ਕਿ ਸ਼ਾਇਦ ਡਾ ਦਿਲਗੀਰ ਦੇ ਖਿਆਲੀ ਪੁਲਾਅ ਮੁਤਾਬਕ ਕੋਈ “ਅਸਲੀ ਜਨਮਸਾਖੀ ਭਾਈ ਬਾਲਾ” ਕਦੇ ਹੁੰਦੀ ਸੀ, ਪਰ ਕੱਤਕ ਦਾ ਮਹੀਨਾ ਫਿਰ ਵੀ ਹੰਦਾਲੀਆਂ ਦੀ ਮਿਲਾਵਟ ਹੀ ਸਾਬਤ ਹੁੰਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਵਾਲੀਆਂ ਜਨਮਸਾਖੀਆਂ (ਪੁਰਾਤਨ ਜਨਮਸਾਖੀ ਤੇ ਮਿਹਰਬਾਨ ਵਾਲੀ ਜਨਮਸਾਖੀ) ਦੋਵੇਂ ਵਿਸਾਖ ਦੇ ਮਹੀਨੇ ਵਿਚ ਗੁਰੂ ਨਾਨਕ ਦਾ ਜਨਮ ਦੱਸਦੀਆਂ ਹਨ, ਤੇ ਅਸੀਂ ਇਹ ਜਾਣਦੇ ਹਾਂ ਕਿ ਪੁਰਾਤਨ ਜਨਮਸਾਖੀ ਤੇ ਮਿਹਰਬਾਨ ਵਾਲੀ ਜਨਮਸਾਖੀ ਵਿਚ ਕੋਈ ਮਿਲਾਵਟ ਨਹੀਂ। ਇਹੀ ਕਾਰਣ ਹੈ ਕਿ ਡਾ ਦਿਲਗੀਰ ਨੂੰ ਮਿਹਰਬਾਨ ਦੀ ਸੋਚ ਤੇ ਹਮਲਾ ਕਰਨਾ ਪੈਂਦਾ ਹੈ ਤੇ ਪੁਰਾਤਨ ਜਨਮਸਾਖੀ ਨੂੰ ਮਿਹਰਬਾਨ ਦੀ ਜਨਮਸਾਖੀ ਤੇ ਅਧਾਰਤ ਗਰਦਾਨਣਾ ਪੈਂਦਾ ਹੈ ਜਦ ਕਿ ਇਤਿਹਾਸਕਾਰ ਇੱਕ-ਮੱਤ ਹਨ ਕਿ ਪੁਰਾਤਨ ਜਨਮਸਾਖੀ ਸੱਭ ਤੋਂ ਪਹਿਲਾਂ ਲਿਖੀ ਗਈ।

ਹੁਣ ਅਸੀਂ ਆਈਏ ਡਾ ਦਿਲਗੀਰ ਦੀ ਸੱਭ ਤੋਂ ਵੱਡੀ ਕੁਤਾਹੀ ਤੇ। ਉਹਨਾਂ ਦੇ ਬਿਆਨ ਮੁਤਾਬਕ ਭਾਈ ਗੁਰਦਾਸ ਆਪਣੀ ਪਹਿਲੀ ਵਾਰ ਵਿਚ ਗੁਰੂ ਨਾਨਕ ਸਾਹਿਬ ਦੀ ਜਿੰਦਗੀ ਬਾਰੇ ਇੰਨੀ ਤਫਸੀਲ ਨਹੀਂ ਸਨ ਦੇ ਸਕਦੇ ਜੇਕਰ ਉਹਨਾਂ ਕੋਲ ਕੋਈ ਜਨਮਸਾਖੀ ਨਾ ਹੁੰਦੀ, ਤੇ ਇਸ ਦਲੀਲ ਨੂੰ ਉਹ ਸਬੂਤ ਵਜੋਂ ਪੇਸ਼ ਕਰਦੇ ਹਨ ਕਿ ਕਿਸੇ ਸਮੇਂ ਵਾਕਈ ਕੋਈ “ਅਸਲੀ ਜਨਮਸਾਖੀ ਭਾਈ ਬਾਲਾ” ਹੋਂਦ ਵਿਚ ਸੀ, ਜਿਹੜੀ ਗੁਰੂ ਅੰਗਦ ਸਾਹਿਬ ਨੇ ਲਿਖਵਾਈ। ਇਸ ਦਲੀਲ ਦੀਆਂ ਖਾਮੀਆਂ ਸਾਨੂੰ ਇਹ ਪੁੱਛਣ ਤੇ ਮਜਬੂਰ ਕਰਦੀਆਂ ਹਨ ਕਿ ਕੀ ਡਾ ਦਿਲਗੀਰ ਸਿੱਖ ਇਤਿਹਾਸ ਨੂੰ ਜਰਾ ਵੀ ਨਹੀਂ ਸਮਝਦੇ, ਤੇ ਜੇ ਸਮਝਦੇ ਹਨ ਤਾਂ ਕੀ ਉਹ ਆਪਣੇ ਪਾਠਕਾਂ ਨੂੰ ਇੰਨਾਂ ਨਲਾਇਕ ਸਮਝਦੇ ਹਨ ਕਿ ਉਹ ਬਿਨਾਂ ਸਵਾਲ ਕੀਤਿਆਂ ਡਾ ਸਾਹਿਬ ਦੀਆਂ ਕਹਾਣੀਆਂ ਨੂੰ ਇਤਹਾਸ ਮੰਨ ਲੈਣਗੇ। ਅਸੀਂ ਨੰਬਰਵਾਰ ਇਹ ਖਾਮੀਆਂ ਹੇਠ ਦਿੰਦੇ ਹਾਂ:
੧.ਜੇਕਰ ਭਾਈ ਗੁਰਦਾਸ ਨੇ ਅਖੌਤੀ “ਅਸਲੀ ਜਨਮਸਾਖੀ ਭਾਈ ਬਾਲਾ” ਤੇ ਅਧਾਰਤ ਆਪਣੀ ਪਹਿਲੀ ਵਾਰ ਲਿਖੀ ਹੁੰਦੀ (ਜਵੇਂ ਡਾ ਦਿਲਗੀਰ ਕਹਿੰਦੇ ਹਨ) ਤਾਂ ਇਸ ਵਿਚ ਕਿਤੇ ਕੱਤਕ ਦਾ ਜਾਂ ਭਾਈ ਬਾਲੇ ਦਾ ਜ਼ਿਕਰ ਕਿਉਂ ਨਹੀਂ ਆਉਂਦਾ? ਇਸ ਤੋਂ ਉਲਟ ਭਾਈ ਮਰਦਾਨੇ ਦਾ ਜ਼ਿਕਰ ਇਉਂ ਆਉਂਦਾ ਹੈ: ਵਾਰ ੧ – “ਬਾਬਾ ਗਿਆ ਬਗਦਾਦ ਨੂੰ ਬਾਹਰ ਜਾਇ ਕੀਆ ਅਸਥਾਨਾ॥ ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ॥” ਵਾਰ ੧੧ – “ਭਲਾ ਰਬਾਬ ਵਜਾਇੰਦਾ ਮਜਲਸ ਮਰਦਾਨਾ ਮੀਰਾਸੀ॥” (ਇਹ ਦੋਵੇਂ ਗੱਲਾਂ ਕਰਮ ਸਿੰਘ ਹਿਸਟੋਰੀਅਨ ਨੂੰ ਸਹੀ ਤੇ ਡਾ ਦਿਲਗੀਰ ਨੂੰ ਗਲਤ ਸਾਬਤ ਕਰਦੀਆਂ ਹਨ।)
੨.ਕੀ ਅਸੀਂ ਇਹ ਮੰਨ ਕੇ ਤੁਰੀਏ ਕਿ ਨਾ ਗੁਰੂ ਅੰਗਦ ਸਾਹਿਬ ਕੋਲ ਤੇ ਨਾ ਬਾਬਾ ਬੁੱਢਾ ਜੀ ਕੋਲ ਗੁਰੂ ਨਾਨਕ ਸਾਹਿਬ ਦੇ ਜੀਵਣ ਬਾਰੇ ਇੰਨੀ ਜਾਣਕਾਰੀ ਸੀ ਕਿ ਉਹ ਗੁਰੂ ਨਾਨਕ ਸਾਹਿਬ ਦੀ ਜਿੰਦਗੀ ਲਿਖਤੀ ਰੂਪ ਵਿਚ ਬਿਆਨ ਕਰ ਦਿੰਦੇ? ਅਸੀਂ ਇਹ ਵੀ ਜਾਣਦੇ ਹਾਂ ਕਿ ਬਾਬਾ ਬੁੱਢਾ ਜੀ ਦੀ ਮੌਤ 1631 ਵਿਚ 125 ਸਾਲ ਦੀ ਉਮਰ ਵਿਚ ਹੋਈ। ਸਾਡੀ ਪਰੰਪਰਾ ਇਹ ਵੀ ਦੱਸਦੀ ਹੈ ਕਿ ਉਹ ਗੁਰੂ ਨਾਨਕ ਸਾਹਿਬ ਨੂੰ ਪਹਿਲੀ ਵਾਰ 11 ਸਾਲ ਦੀ ਉਮਰ ਵਿਚ ਮਿਲੇ। ਹਿਸਾਬ ਲਾਈਏ ਤਾਂ ਬਾਬ ਬੁੱਢਾ ਜੀ ਦੀ ਗੁਰੂ ਨਾਨਕ ਪਾਤਸ਼ਾਹ ਨਾਲ ਪਹਿਲੀ ਮੁਲਾਕਾਤ ਦਾ ਸਾਲ 1517 ਬਣਦਾ ਹੈ। ਇਸ ਤੱਥ ਦੀ ਮਹੱਤਤਾ ਜਨਮਸਾਖੀਆਂ ਦੇ ਸਬੰਧ ਵਿਚ ਨਕਾਰੀ ਨਹੀਂ ਜਾ ਸਕਦੀ।
੩.ਕੀ ਬਾਬਾ ਸ੍ਰੀ ਚੰਦ ਜਾਂ ਬਾਬਾ ਲਖਮੀ ਦਾਸ ਕੋਲ ਵੀ ਆਪਣੇ ਪਿਤਾ ਗੁਰੂ ਨਾਨਕ ਸਾਹਿਬ ਦੀ ਜਿੰਦਗੀ ਬਾਰੇ ਜਾਣਕਾਰੀ ਨਹੀਂ ਸੀ?
੪.ਜੇਕਰ ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੀ ਜਨਮਸਾਖੀ ਲਿਖਵਾਈ ਹੁੰਦੀ ਤਾਂ ਲਾਜ਼ਮੀ ਹੈ ਕਿ ਗੁਰੂ ਅਮਰਦਾਸ ਨੇ ਗੁਰੂ ਅੰਗਦ ਸਾਹਿਬ ਦੀ ਜਨਮਸਾਖੀ ਲਿਖਵਾਉਣੀ ਸੀ ਤੇ ਗੁਰੂ ਰਾਮਦਾਸ ਨੇ ਗੁਰੂ ਅਮਰਦਾਸ ਦੀ, ਆਦਿ। ਤੇ ਇਹ ਜਨਮਸਾਖੀਆਂ ਵੀ ਗੁਰਬਾਣੀ ਵਾਂਗ ਹੀ ਹਰੇਕ ਗੁਰੂ ਸਾਹਿਬ ਨੇ ਆਪਣੇ ਗੱਦੀ-ਨਸ਼ੀਨ ਨੂੰ ਗੁਰਿਆਈ ਵਿਚ ਦੇਣੀਆਂ ਸੀ। ਜਿਹੜੀ ਗੱਲ ਇਸ ਬਿਆਨ ਨੂੰ ਕਿ “ਗੁਰੂ ਅੰਗਦ ਪਾਤਸ਼ਾਹ ਨੇ ਕੋਈ ਜਨਮਸਾਖੀ ਲਿਖਵਾਈ ਸੀ” ਪੂਰੀ ਤਰ੍ਹਾਂ ਨਕਾਰਦੀ ਹੈ ਉਹ ਹੈ 1539 ਤੋਂ ਲੈ ਕੇ 1634 ਦੇ ਸਮੇਂ ਵਿਚ ਕਿਸੇ ਹੋਰ (ਜੇ ਅਸੀਂ ਇਹ ਮੰਨ ਕੇ ਤੁਰੀਏ ਕਿ ਵਾਕਈ ਗੁਰੂ ਸਾਹਿਬ ਨੇ ਕੋਈ ਜਨਮਸਾਖੀ ਲਿਖਵਾਈ ਸੀ) ਜਨਮਸਾਖੀ ਦੀ ਅਣਹੋਂਦ। ਇਸ ਦੇ ਉਲਟ ਭਾਈ ਗੁਰਦਾਸ ਦੀ ਪਹਿਲੀ ਵਾਰ ਤੋਂ ਬਾਦ ਪਹਿਲਾਂ ਪੁਰਾਤਨ ਜਨਮਸਾਖੀ ਤੇ ਫਿਰ ਮਿਹਰਬਾਨ ਵਾਲੀ ਜਨਮਸਾਖੀ ਕੁੱਝ ਸਾਲਾਂ ਵਿਚ ਹੀ ਹੋਂਦ ਵਿਚ ਆ ਜਾਂਦੀਆਂ ਹਨ। ਤੇ ਇਸ ਤੋਂ ਬਾਦ ਤਾਂ ਜਿਵੇਂ ਜਨਮਸਾਖੀਆਂ ਦੀ ਝੜੀ ਹੀ ਲੱਗ ਜਾਂਦੀ ਹੈ। ਇਸ ਗੱਲ ਦੀ ਮਹੱਤਤਾ ਇਸ ਲਈ ਵੀ ਹੈ ਕਿ ਜਿਹੜੇ ਬੰਦੇ ਕੱਚੀ ਬਾਣੀ “ਨਾਨਕ ਨਿਸ਼ਾਨ” ਹੇਠ ਲਿਖ ਕੇ ਆਪਣੇ ਆਪ ਨੂੰ ਸਿੱਖਾਂ ਦੇ “ਗੁਰੂ” ਵਜੋਂ ਪਰਚਾਰਦੇ ਸਨ ਸੱਭ ਤੋਂ ਪਹਿਲਾਂ ਉਹਨਾਂ ਨੇ ਹੀ ਜਨਮਸਾਖੀਆਂ ਦੀ ਝੜੀ ਲਾਉਣੀ ਸੀ – ਤੇ ਅਜਿਹਾ ਹੀ ਹੋਇਆ ਵੀ ਜਦੋਂ ਪੁਰਾਤਨ ਜਨਮਸਾਖੀ 1634 ਵਿਚ ਹੋਂਦ ਵਿਚ ਆਈ।
੫.ਅਸੀਂ ਇਹ ਵੀ ਜਾਣਦੇ ਹਾਂ ਕਿ ਬਾਬਾ ਬੁੱਢਾ ਜੀ ਦੀ ਮੌਤ ਛੇਵੇਂ ਪਾਤਸ਼ਾਹ ਦੇ ਜੀਵਣ-ਕਾਲ ਵਿਚ ਹੋਈ, ਤੇ ਉਹ ਪਹਿਲੇ ਛੇ ਗੁਰੂ ਸਾਹਿਬਾਨ ਦੇ ਦਰਬਾਰ ਵਿਚ ਮੋਢੀ ਸਿੱਖ ਵਜੋਂ ਹਾਜਰ ਰਹੇ। ਕੀ ਇਹ ਕਹਿਣਾ ਗਲਤ ਹੋਵੇਗਾ ਕਿ ਬਾਬਾ ਬੁੱਢਾ ਜੀ ਪਹਿਲੀਆਂ ਛੇ ਪਾਤਸ਼ਾਹੀਆਂ ਦੇ ਜੀਵਣ-ਬਿਓਰੇ ਤੋਂ ਭਲੀ-ਭਾਂਤ ਜਾਣੂ ਸਨ? ਜੇਕਰ ਬਾਬਾ ਬੁੱਢਾ ਜੀ ਨੇ ਇਹ ਜੀਵਣ-ਬਿਓਰੇ ਨਹੀਂ ਲਿਖੇ ਤਾਂ ਸਾਨੂੰ ਇਸ ਬਾਰੇ ਵੀ ਵਿਚਾਰ ਕਰ ਲੈਣੀ ਚਾਹੀਦੀ ਹੈ ਕਿ ਕਿਤੇ ਉਹਨਾਂ ਨੂੰ ਗੁਰਮਤਿ ਦਾ ਕੋਈ ਸਿਧਾਂਤ ਤਾਂ ਨਹੀਂ ਸੀ ਰੋਕ ਰਿਹਾ।
੬.ਅਸੀਂ ਇਹ ਵੀ ਜਾਣਦੇ ਹਾਂ ਕਿ ਬਾਬਾ ਬੁਢਾ ਜੀ ਦੀ ਮੌਤ 1631 ਵਿਚ ਹੋਈ ਤੇ ਪਹਿਲੀ ਜਨਮਸਾਖੀ 1634 ਵਿਚ ਲਿਖੀ ਗਈ। ਤਕਰੀਬਨ ਉਦੋਂ ਕੁ ਹੀ ਮਿਹਰਬਾਨ ਦੀ ਜਨਮਸਾਖੀ ਹੋਂਦ ਵਿਚ ਆਈ। ਭਾਈ ਗੁਰਦਾਸ ਦੀ ਮੌਤ 1636 ਵਿਚ ਹੋਈ ਤੇ ਮਿਹਰਬਾਨ ਦੀ 1640 ਵਿਚ। ਇਹ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਭਾਈ ਗੁਰਦਾਸ ਦੀ ਵਾਰ ਹੀ ਪੁਰਾਤਨ ਜਨਮਸਾਖੀ ਤੇ ਮਿਹਰਬਾਨ ਵਾਲੀ ਜਨਮਸਾਖੀ ਦਾ ਅਧਾਰ ਸੀ। ਇਸ ਤੋਂ ਇਹ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਜੇਕਰ ਗੁਰੂ ਨਾਨਕ ਸਾਹਿਬ ਦੇ ਜੀਵਣ ਬਾਰੇ ਜਾਣਕਾਰੀ ਦਾ ਕੋਈ ਸੋਮਾ ਸੀ ਤਾਂ ਉਹ ਕੇਵਲ ਬਾਬਾ ਬੁੱਢਾ ਜੀ ਹੀ ਸਨ, ਨਾ ਕਿ ਕੋਈ ਖਿਆਲੀ ਭਾਈ ਬਾਲਾ।

ਹੁਣ ਅਸੀਂ ਆਈਏ ਇਸ ਮੁੱਦੇ ਨਾਲ ਜੁੜੇ ਇਕ ਹੋਰ ਸਵਾਲ ਵੱਲ। ਅਸੀਂ ਜਾਣਦੇ ਹਾਂ ਕਿ ਗੁਰੂ ਨਾਨਕ ਸਾਹਿਬ ਆਪਣੀ ਬਾਣੀ ਇਕ ਪੋਥੀ ਵਿਚ ਦਰਜ ਕਰਦੇ ਸਨ। ਜਦੋਂ ਉਹਨਾਂ ਗੁਰੂ ਅੰਗਦ ਸਾਹਿਬ ਨੂੰ ਗੁਰਿਆਈ ਦਿੱਤੀ ਤਾਂ ਗੁਰਿਆਈ ਵਿਚ ਕੋਈ ਜਾਇਦਾਦ ਨਹੀਂ ਦਿੱਤੀ। ਕਰਤਾਰਪੁਰ ਦਾ ਸ਼ਹਿਰ ਗੁਰੂ ਨਾਨਕ ਨੇ ਵਸਾਇਆ ਪਰ ਗੁਰੂ ਅੰਗਦ ਨੂੰ ਹੁਕਮ ਸੀ ਖਡੂਰ ਜਾ ਕੇ ਆਪਣੇ ਘਰ ਰਹਿਣ ਦਾ। ਜਦੋਂ ਗੁਰੂ ਅੰਗਦ ਨੇ ਗੁਰੂ ਅਮਰਦਾਸ ਨੂੰ ਗੁਰਿਆਈ ਬਖਸ਼ੀ ਤਾਂ ਗੁਰੂ ਅਮਰਦਾਸ ਖਡੂਰ ਨਹੀਂ ਰਹੇ ਸਗੋਂ ਗੋਇੰਦਵਾਲ ਜਾ ਕੇ ਰਹੇ। ਯਾਨਿ ਗੁਰਦੁਆਰਾ ਕੋਈ ਖਾਸ ਜਗਹ ਨਹੀਂ ਸੀ ਬਲਕਿ ਉਹ ਜਗਹ ਸੀ ਜਿੱਥੇ ਗੁਰੂ ਸਾਹਿਬ ਜਾ ਬਿਰਾਜਣ। ਉਹੀ ਸਿਧਾਂਤ ਅੱਜ ਵੀ ਲਾਗੂ ਹੈ – ਗੁਰਦੁਆਰਾ ਉਹ ਹੈ ਜਿੱਥੇ ਗੁਰੂ (ਗੁਰੂ ਗ੍ਰੰਥ ਸਾਹਿਬ) ਬਿਰਾਜਮਾਨ ਹੋਣ। ਇੱਕੋ-ਇੱਕ ਚੀਜ ਜਿਹੜੀ ਗੁਰੂ ਅੰਗਦ ਨੂੰ ਗੁਰੂ ਬਣਨ ਤੇ ਮਿਲੀ ਉਹ ਸੀ ਗੁਰਬਾਣੀ ਦੀ ਪੋਥੀ। ਇਹੀ ਸਿਲਸਿਲਾ ਦਸਵੇਂ ਪਾਤਸ਼ਾਹ ਤੱਕ ਚੱਲਿਆ – ਜਦੋਂ ਦਸਵੇਂ ਪਾਤਸ਼ਾਹ ਨੇ ਖਾਲਸੇ ਨੂੰ ਗੁਰਿਆਈ ਬਖਸ਼ੀ ਤਾਂ ਖਾਲਸੇ ਨੂੰ ਵੀ ਕੋਈ ਜਾਇਦਾਦ ਨਹੀਂ ਮਿਲੀ, ਸਿਰਫ਼ ਗੁਰੂ ਗ੍ਰੰਥ ਸਾਹਿਬ ਦੀ ਹੀ ਬਖਸ਼ਿਸ਼ ਹੋਈ।

ਜਦੋਂ ਲਿਖਤੀ ਅੱਖਰ ਦੀ ਸਿੱਖ ਕੌਮ ਲਈ ਇੰਨੀ ਮਹਤੱਤਾ ਹੈ ਤਾਂ ਲਾਜਮੀ ਹੈ ਕਿ ਜੇਕਰ ਗੁਰੂ ਨਾਨਕ ਸਾਹਿਬ (ਤੇ ਹੋਰ ਗੁਰੂ ਸਾਹਿਬਾਨ) ਨੇ ਆਪਣੀ ਜੀਵਣੀ ਨਹੀਂ ਲਿਖੀ ਤਾਂ ਇਹ ਇੱਕ ਸੋਚਿਆ-ਸਮਝਿਆ ਫੈਸਲਾ ਸੀ। ਇਸ ਪਿਛੇ ਕਈ ਕਾਰਣ ਹੋ ਸਕਦੇ ਹਨ, ਪਰ ਜਿਹੜਾ ਸਹਿਜੇ ਹੀ ਦਿਮਾਗ ਵਿਚ ਆਉਂਦਾ ਹੈ ਉਹ ਹੈ ਜਨਮ ਸਮੇਂ ਨਾਲ ਜੁੜੇ ਬ੍ਰਾਹਮਣੀ ਕਰਮ-ਕਾਂਡ। ਸਿੱਖ ਇਤਿਹਾਸਕਾਰਾਂ ਨੇ ਬਾਖੂਬੀ ਇਹ ਸਿੱਧ ਕਰ ਦਿੱਤਾ ਹੈ ਕਿ ਜਿਹੜਾ “ਟੇਵਾ” ਬਾਹਮਣ ਗੁਰੂ ਨਾਨਕ ਸਾਹਿਬ ਦਾ ਕਹਿ ਕੇ ਪ੍ਰਚਾਰਦੇ ਹਨ ਉਹ ਕਿਸੇ ਠੱਗ ਦੇ ਦਿਮਾਗ ਦੀ ਕਾਢ ਹੈ। ਪਰ ਜਰਾ ਸੋਚ ਕੇ ਵੇਖੋ ਕਿ ਜੇਕਰ ਅਸੀਂ ਜਾਣਦੇ ਹੁੰਦੇ ਕਿ ਗੁਰੂ ਨਾਨਕ ਸਾਹਿਬ ਦਾ (ਜਾਂ ਦੂਸਰੇ ਗੁਰੂ ਸਾਹਿਬਾਨ ਦਾ) ਜਨਮ ਕਿਹੜੀ ਥਿਤ-ਵਾਰ ਨੂੰ ਹੋਇਆ ਸੀ ਤਾਂ ਉਸੇ ਥਿਤ-ਵਾਰ ਨੂੰ ਜੰਮੇ ਬੱਚੇ ਸ਼ਾਇਦ ਵੱਡੇ ਹੋ ਕੇ ਪੰਥ ਵਿਚ ਉਚੇਰੀ ਜਗਾ੍ਹ ਮੰਗਦੇ ਜਾਂ ਉਹ ਸਿੱਖ ਜਿਹੜੇ ਸੰਤਾਂ-ਬਾਬਿਆਂ ਮਗਰ ਜਾਂਦੇ ਹਨ, ਫਿਰ ਇਹਨਾਂ “ਥਿਤੀ-ਸਿੱਖਾਂ” ਮਗਰ ਲੱਗ ਜਾਂਦੇ।

ਇਸੇ ਸੋਚ ਨੂੰ ਹੀ ਹੋਰ ਅਗਾਂਹ ਲੈ ਕੇ ਜਾਈਏ। ਬ੍ਰਾਹਮਣ ਦੇ ਟੇਵੇ ਪੁਰਾਤਨ ਸਮਾਜ ਵਿਚ ਆਮ ਲੋਕਾਂ ਵਲੋਂ ਜੀਵਣ ਦਾ ਹਰੇਕ ਫੈਸਲਾ ਕਰਣ ਲਈ ਵਰਤੇ ਜਾਂਦੇ ਸਨ। ਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਬਾਹਮਣ ਦਾ “ਸ਼ੁੱਭ” ਤੇ “ਅਸੁੱਭ” ਵਿਚ ਟਪਲਾ ਖਾਣਾ ਲਾਜਮੀ ਸੀ। ਇਸਦਾ ਤੋੜ ਉਸ ਕੋਲ ਇਹ ਸੀ ਕਿ ਉਹ “ਅਸੁੱਭ” ਨੂੰ ਕਿਸੇ ਬੰਦੇ ਦੇ ਜੰਮਣ ਸਮੇਂ ਨਾਲ ਜੋੜ ਲੈਂਦਾ ਸੀ। ਜਿਵੇਂ ਮੰਗਲੀਕ ਦੀ ਪ੍ਰਥਾ – ਅੱਜ ਦੇ ਜਮਾਨੇ ਵਿਚ ਵੀ ਹਿੰਦੂ ਪਰਿਵਾਰਾਂ ਵਿਚ ਮੰਗਲੀਕ ਮੁੰਡੇ ਜਾਂ ਕੁੜੀ ਨਾਲ ਵਿਆਹ ਤੋਂ ਗੁਰੇਜ ਕੀਤਾ ਜਾਂਦਾ ਹੈ। ਇਕ ਹੋਰ ਉਦਾਹਰਣ ਵਜੋਂ ਰਾਜਸੀ ਨਿਜਾਮ ਲਵੋ। ਬਾਹਮਣ ਅਕਸਰ ਹੀ ਕਿਸੇ ਰਾਜੇ ਦੀ ਜੰਗੀ ਹਾਰ ਨੂੰ ਉਸਦੇ ਜੰਮਣ ਦੇ ਸਮੇਂ ਨਾਲ ਜੋੜ ਦਿੰਂਦਾ ਸੀ ਤਾਂਕਿ ਉਸ ਵਲੋਂ ਦੱਸੇ ਸਮੇਂ ਅਨੁਸਾਰ ਲੜੀ ਲੜਾਈ ਵਿਚ ਹਾਰ ਦਾ ਮਤਲਬ ਇਹ ਨਾ ਕੱਢ ਲਿਆ ਜਾਵੇ ਕਿ ਬਾਹਮਣ ਕੋਲ “ਸ਼ੁੱਭ ਸਮਾਂ” ਲੱਭਣ ਦੀ ਵਿਦਿਆ ਨਹੀਂ। ਅਸੀਂ ਇਹ ਵੀ ਜਾਣਦੇ ਹਾਂ ਕਿ ਹਿੰਦੂ ਰਾਜਿਆਂ ਦਾ ਇਤਿਹਾਸ ਅਜਿਹੀਆਂ ਕਹਾਣੀਆਂ ਨਾਲ ਭਰਿਆ ਪਿਆ ਹੈ ਜਿੱਥੇ ਕਿਸੇ “ਅਸ਼ੁੱਭ ਸਮੇਂ” ਵਿਚ ਜੰਮੇ ਬੱਚੇ ਨੂੰ ਕਿਸੇ ਸਨਿਆਸੀ ਕੋਲ ਭੇਜ ਦਿੱਤਾ ਜਾਂਦਾ ਸੀ (ਜਾਂ ਮਾਰ ਹੀ ਦਿੱਤਾ ਜਾਂਦਾ ਸੀ) ਤਾਂਕਿ ਉਹ ਰਾਜੇ ਦੇ ਰਾਜ ਨੂੰ ਨੁਕਸਾਨ ਨਾ ਪਹੁੰਚਾ ਸਕੇ। ਮਿਸਾਲ ਵਜੋਂ ਕ੍ਰਿਸ਼ਣ ਦੇ ਜਨਮ ਦੀ ਕਹਾਣੀ ਲੈ ਲਵੋ।

ਸੋ ਇਸ ਤੋਂ ਇਹ ਨਤੀਜਾ ਕੱਢਿਆ ਜਾ ਸਕਦਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਜਨਮ ਮਿਤੀ ਨੂੰ ਕੱਤਕ ਵਿਚ ਲਿਜਾਉਣ ਪਿੱਛੇ ਟੀਚਾ ਇਹ ਹੋਵੇਗਾ ਕਿ ਜਿਹੜੇ ਆਮ ਹਿੰਦੂ ਗੁਰੂ ਨਾਨਕ ਸਾਹਿਬ ਦੀ ਸਿਖਿਆ ਮੰਨ ਕੇ ਬਾਹਮਣ ਨੂੰ ਦਾਨ ਦੇਣ ਜਾਂ ਆਪਣੇ ਘਰ ਸੱਦਾ ਦੇਣ ਤੋਂ ਵੀ ਗੁਰੇਜ ਕਰਣ ਲੱਗ ਪਏ ਸਨ ਬਾਹਮਣ ਉਹਨਾਂ ਨੂੰ ਇਹ ਕਹਿ ਸਕੇ ਕਿ ਵੇਦਾਂ ਮੁਤਾਬਕ ਤਾਂ ਕੱਤਕ ਵਿਚ ਜੰਮੇ ਗੁਰੂ ਨਾਨਕ “ਅਸ਼ੁੱਭ” ਹੈਨ। ਇਹ ਵੀ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਪੁਰਾਤਨ ਜਨਮਸਾਖੀ ਅਤੇ ਮਿਹਰਬਾਨ ਵਾਲੀ ਜਨਮਸਾਖੀ ਨਾਲ ਗੁਰੂ ਨਾਨਕ ਸਾਹਿਬ ਵਲੋਂ ਹਰਦੁਆਰ ਅਤੇ ਪੁਰੀ ਆਦਿ ਵਿਚ ਬਾਹਮਣਾਂ ਨੂੰ ਵਿਚਾਰ ਦੀ ਹਾਰ ਦੇਣ ਦੀਆਂ ਕਹਾਣੀਆਂ ਗੈਰ-ਸਿੱਖਾਂ (ਯਾਨਿ ਹਿੰਦੂਆਂ) ਤੱਕ ਵੀ ਪਹੁੰਚਣ ਲੱਗ ਪਈਆਂ ਹੋਣਗੀਆਂ ਤੇ ਬਾਹਮਣ ਨੂੰ ਆਪਣਾ ਸਦੀਆਂ ਦਾ ਬਣਿਆ ਨਿਜਾਮ ਡੋਲਦਾ ਦਿੱਖਣ ਲੱਗ ਪਿਆ ਹੋਣੈ। ਅਤੇ ਵਿਚਾਰਾਂ ਦੀ ਲੜਾਈ ਵਿਚ ਗੁਰੂ ਨਾਨਕ ਸਾਹਿਬ ਦਾ ਜਵਾਬ ਦੇਣ ਤੋਂ ਅਸਮਰਥ ਬਾਹਮਣ ਨੇ ਗੁਰੂ ਨਾਨਕ ਸਾਹਿਬ ਦੀ ਹੋਂਦ ਨੂੰ ਹੀ “ਅਸ਼ੁੱਭ” ਕਰਾਰ ਦੇਣ ਦਾ ਢੋਂਗ ਰੱਚ ਲਿਆ ਹੋਵੇਗਾ। ਇਸਦਾ ਹੀ ਨਤੀਜਾ ਹੈ ਕਿ ਬਾਹਮਣੀ ਸੋਚ ਨੇ ਗੁਰੂ ਸਾਹਿਬ ਦਾ ਜਨਮ ਕੱਤਕ ਵਿਚ ਲਿਜਾ ਕੇ “ਟੇਵਾ” ਵੀ ਬਣਾ ਦਿੱਤਾ, ਜਿਹੜਾ ਫਿਰ ਕਰਮ ਸਿੰਘ ਹਿਸਟੋਰੀਅਨ ਨੇ ਨਕਲੀ ਸਾਬਤ ਕੀਤਾ।

ਮੁੱਕਦੀ ਗੱਲ ਕਿ ਕੱਤਕ ਦੀ ਕਹਾਣੀ ਗੈਰ-ਸਿੱਖਾਂ ਲਈ ਸੀ ਤਾਂਕਿ ਉਹ ਜਿਵੇਂ ਮੰਗਲੀਕ ਨਾਲ ਆਪਣੇ ਬੱਚੇ ਦਾ ਵਿਆਹ ਕਰਨ ਤੋਂ ਡਰਦੇ ਹਨ ਉਵੇਂ ਹੀ ਕੱਤਕ ਦੇ ਜੰਮੇ ਗੁਰੂ ਨਾਨਕ ਦੀ ਸਿਖਿਆ ਨੂੰ ਸ਼ੱਕ ਨਾਲ ਵੇਖਣ ਤੇ ਬਾਹਮਣ ਦੇ ਜੂਲੇ ਹੇਠੋਂ ਨਾ ਨਿੱਕਲਣ।

ਇਸ ਨਾਲ ਇਹ ਸਾਬਤ ਹੋ ਜਾਣਾ ਚਾਹੀਦਾ ਹੈ ਕਿ ਗੁਰੂ ਸਾਹਿਬਾਨ ਦੀ ਜਨਮ ਮਿਤੀ ਦੀ ਗੁਰਮਤਿ ਵਿਚ ਕੋਈ ਖਾਸ ਮਹੱਤਤਾ ਨਹੀਂ। ਇਤਿਹਾਸ ਵਿਚ ਇਹ ਮਿਤੀਆਂ ਅਹਿਮ ਹੋ ਸਕਦੀਆਂ ਹਨ ਗੁਰਮਤਿ ਵਿਚ ਨਹੀਂ। ਸਿੱਖ ਨੂੰ ਇਤਿਹਾਸ ਦਾ ਭਾਵੇਂ ਕੁੱਝ ਵੀ ਨਾ ਪਤਾ ਹੋਵੇ, ਪਰ ਗੁਰੂ ਗ੍ਰੰਥ ਸਾਹਿਬ ਨੂੰ ਸਮਝ ਕੇ ਗੁਰਮਤਿ ਅਨੁਸਾਰ ਜੀਵਣ ਜਿਊਣਾ ਹਰੇਕ ਸਿੱਖ ਦੇ ਵੱਸ ਵਿਚ ਹੈ। ਇਸ ਦਾ ਇਹ ਵੀ ਮਤਲਬ ਨਹੀਂ ਕਿ ਅਸੀਂ ਇਤਿਹਾਸ ਵਲੋਂ ਅਵੇਸਲੇ ਹੋ ਜਾਣਾ ਹੈ ਪਰ ਪਹਿਲ ਹਮੇਸ਼ਾ ਗੁਰਮਤਿ ਨੂੰ ਹੈ ਇਤਿਹਾਸ ਨੂੰ ਨਹੀਂ – ਯਾਨਿ ਸਿੱਖ ਨੇ ਇਤਿਹਾਸ ਗੁਰਮਤਿ ਦੀ ਕਸਵੱਟੀ ਤੇ ਸਮਝਣਾ ਹੈ ਗੁਰਮਤਿ ਨੂੰ ਇਤਿਹਾਸ ਜਾਂ ਮਿਥਿਹਾਸ ਦੀ ਰੌਸ਼ਨੀ ਵਿਚ ਨਹੀਂ।

~ ~ ~

Advertisements

2 thoughts on “Date of Birth of Guru Nanak

 1. On his Facebook account, Dr Dilgeer has given this response to Verpal Singh’s above article:
  “ਆਲੂ-ਚਨਾ (ਆਲੋਚਣਾ) ਦਾ ਜਵਾਬ

  ਮੇਰੀ ਲਿਖਤ ‘ਤੇ ਕਿਸੇ ਵਰਪਾਲ ਸਿੰਘ ਜੀ (ਨਿਊਜ਼ੀਲੈਂਡ ਵਾਸੀ) ਨੇ ਚੋਖੀ ਲੰਮੀ ਚੌੜੀ ਵਾਰਤਾਲਾਪ ਲਿਖ ਮਾਰੀ ਸੀ, ਜਿਸ ਵਿਚ ਉਨ੍ਹਾਂ ਨੇ ਗ਼ਲਤ ਬਿਆਨੀ ਕੀਤੀ ਹੋਈ ਸੀ ਕਿ ਮੈਂ ਬਾਲਾ ਨਾਂ ਦਾ ਸ਼ਖ਼ਸ ਗੁਰੂ ਨਾਨਕ ਸਾਹਿਬ ਦਾ ਸਾਥੀ ਲਿਖਿਆ ਹੈ ਜੋ ਕਿ ਗ਼ਲਤ ਹੈ, ਮੈਂ ਕਿਤੇ ਵੀ ਅਜਿਹਾ ਨਹੀਂ ਲਿਖਿਆ। ਉਂਞ ਵਰਪਾਲ ਸਿੰਘ ਜੀ ਐਨਾ ਜ਼ੋਰ ਲਾ ਕੇ ਲਫ਼ਜ਼ੀ ਸਿਰ-ਦਰਦੀ ਦਾ ਤਰੱਦਦ ਕਰਨ ਮਗਰੋਂ ਵੀ ਇਹ ਰੱਦ ਨਹੀਂ ਕਰ ਸਕੇ ਕਿ ਗੁਰੁ ਨਾਨਕ ਸਾਹਿਬ ਦਾ ਜਨਮ ਕੱਤਕ ਦਾ ਸੀ ਤੇ ਨਾ ਸਾਬਿਤ ਕਰ ਸਕਿਆ ਹੈ ਕਿ ਉਨ੍ਹਾਂ ਕੋਲ ਵਿਸਾਖ ਦਾ ਜਨਮ ਹੋਣ ਦੇ ਕੋਈ ਸਬੂਤ ਹਨ ਸਿਵਾਏ ਜਨਮਸਾਖੀ ਮਿਹਰਬਾਨ ਦੇ (ਜਾਂ ਉਸ ਦੇ ਅਧਾਰ ‘ਤੇ ਲਿਖੀਆਂ ਜਨਮਸਾਖੀਆਂ ਦੇ ਅਧਾਰ ‘ਤੇ)। ਉਨ੍ਹਾਂ ਦੀ ਸਾਰੀ (ਬੇਮਾਅਨਾ) ਬਹਿਸ ਸਿਰਫ਼ ਇਸ ਨੁਕਤੇ ਬਾਰੇ ਹੈ ਕਿ ਬਾਲਾ ਗੁਰੂ ਨਾਨਕ ਸਾਹਿਬ ਦਾ ਸਾਥੀ ਸੀ ਜਾਂ ਨਹੀਂ ਤੇ ਦੂਜਾ ਮੇਰੇ ਸ਼ੰਕੇ ਕਿ ‘ਜਾਪਦਾ ਹੈ ਕਿ ਕੋਈ ਅਸਲ ਬਾਲਾ ਜਨਮਸਾਖੀ ਹੋਵੇਗੀ’; ਮੈਂ ਤਾਂ ਕੱਤਕ ਦਾ ਜਨਮ ਸਿੱਧ ਕਰਨ ਵਾਸਤੇ ਹੋਰ ਵੀ ਦਰਜਨ ਸੋਮੇ ਤੇ ਮਿਸਾਲਾਂ ਦਿੱਤੀਆਂ ਹਨ ਕਿ ਕੱਤਕ ਵਿਚ ਦਿਨ ਮਨਾਉਣ ਦੀਆਂ ਬਹੁਤ ਸਾਰੀਆਂ ਮਿਸਾਲਾਂ ਹਨ ਪਰ ਉਨ੍ਹਾਂ ਨੇ ਕਿਸੇ ਨੁਕਤੇ ਨੂੰ ਵੀ ਨਹੀਂ ਛੇੜਿਆ ਸਿਰਫ਼ ਇਕ ਜਨਮਸਾਖੀ ਬਾਲਾ ਵਾਲਾ ਨੁਕਤਾ ਹੀ ਫੜਿਆ ਹੈ ਜਿਸ ਦੀ ਉਹ ਮਿੱਝ ਕੱਢਣ ‘ਤੇ ਜ਼ੋਰ ਤਾਂ ਲਾ ਗਿਆ ਹੈ ਪਰ ਪਾਣੀ ਵਿਚ ਮਧਾਣੀ ਪਾ ਕੇ ਵੀ ਸਾਬਿਤ ਨਹੀਂ ਕਰ ਸਕੇ ਕਿ ਗੁਰੂ ਸਾਹਿਬ ਦਾ ਜਨਮ ਵਿਸਾਖ ਦਾ ਸੀ।
  ਇਕ ਹੋਰ ਥੋਥੀ ਦਲੀਲ ਉਨ੍ਹਾਂ ਨੇ ਦਿੱਤੀ ਹੈ ਕਿ ਗੁਰੁ ਨਾਨਕ ਸਾਹਿਬ ਦੀ ਜਨਮਸਾਖੀ ਗੁਰੂ ਅੰਗਦ ਸਾਹਿਬ ਨੇ ਕਿਉਂ ਲਿਖਵਾਈ ਜਦ ਕਿ ਸ੍ਰੀਚੰਦ ਤੇ ਲਖਮੀ ਦਾ ਮੌਜੂਦ ਸਨ, ਉਨ੍ਹਾਂ ਕਿਉਂ ਨਾ ਲਿਖਵਾਈ? ਪਹਿਲੀ ਗੱਲ ਤਾਂ ਵਰਪਾਲ ਸਿੰਘ ਜੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਦੋਵੇਂ ਬਿੰਦੀ ਪੁੱਤਰ ਬਾਪ ਦਾ ਕਹਿਣਾ ਨਾ ਮੰਨਣ ਵਾਲੇ ਨਾ ਲਾਇਕ ਬੱਚੇ ਸਨ; ਅਤੇ ਫਿਰ ਉਸ ਦੀ ਦਲੀਲ ਵਾਲਾ ਫ਼ਾਰਮੂਲਾ ਮੰਨ ਲਾਈਏ ਤਾਂ ਸਵਾਲ ਹੈ ਕਿ ਕੀ ਉਹ ਦੋਵੇਂ ਗੁਰੁ ਜੀ ਦੇ ਨਾਲ ਸਨ ਜੋ ਉਹ ਗੁਰੁ ਜੀ ਦੀਆਂ ਸਾਰੀਆਂ ਉਦਾਸੀਆਂ ਤੇ ਜੀਵਨ ਜਾਣਦੇ ਸਨ।
  ਫਿਰ, ਹੁਣ ਵੀ ਜੇ ਵਿਰਸੇ ਦੀ ਗੱਲ ਕਰਨੀ ਹੈ ਤਾਂ ਅਜ ਵੀ ਬੇਦੀ ਖ਼ਾਨਦਾਨ ਮੌਜੂਦ ਹੈ, ਉਹ ਗੁਰੁ ਨਾਨਕ ਸਾਹਿਬ ਦਾ ਜਨਮ ਕੱਤਕ ਹੀ ਮੰਨਦੇ ਹਨ। ਕਿਉਂ ਵਰਪਾਲ ਸਿੰਘ ਜੀ ਕੀ ਤੁਸੀਂ ਇਹ ਨਹੀਂ ਮੰਨਦੇ ਕਿ ਖ਼ਾਨਦਾਨ ਦੇ ਵਾਰਿਸਾਂ ਨੂੰ ਤਾਂ ਅਸਲ ਤਾਰੀਖ਼ ਪਤਾ ਹੋਵੇਗੀ!
  ਮੈਂ ਪੁਰਾਣੀਆਂ ਲਿਖਤਾਂ ਵਿਚੋਂ ਹਵਾਲੇ ਦੇ ਕੇ ਸਾਬਿਤ ਕੀਤਾ ਹੈ ਕਿ ਗੁਰੁ ਤੇਗ਼ ਬਹਾਦਰ ਸਾਹਿਬ ਅਤੇ ਗੁਰੁ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਨਾਨਕ ਸਾਹਿਬ ਦਾ ਦਿਨ ਕੱਤਕ ਵਿਚ ਮਨਾਇਆ ਸੀ; ਵਰਪਾਲ ਸਿੰਘ ਜੀ ਜਾਂ ਕੋਈ ਵਿਸਾਖ ਦਾ ਜਨਮ ਮੰਨਣ ਦਾ ਦਾਅਵੇਦਾਰ/ਹਿਮਾਇਤੀ ਕਿਸੇ ਪੁਰਾਣੀ ਲਿਖਤ ਵਿਚ ਵਿਸਾਖ ਵਿਚ ਗੁਰੂ ਨਾਨਕ ਪੁਰਬ ਮਨਾਏ ਜਾਣ ਦਾ ਸਬੂਤ ਪੇਸ਼ ਕਰੇਗਾ।

  ਨੋਟ: ਹਾਂ ਵਰਪਾਲ ਸਿੰਘ ਜੀ ਨੇ ਫ਼ਤਵਿਆਂ ਵਰਗੀਆਂ, ਕਿੜ ਕੱਢਣ ਵਾਲੀਆਂ ਗੱਲਾਂ ਕਰਨ ਅਤੇ ਆਪਣਾ ਗੁੱਸਾ ਕੱਢਣ ਦਾ ਸ਼ੌਕ ਜ਼ਰੂਰ ਪੂਰਾ ਕੀਤਾ ਹੈ; ਉਨ੍ਹਾਂ ਦੀ ਸਾਰੀ ਲਿਖਤ ਵਿਚ ਹਮਲਾਵਰ ਸੋਚ, ਗੁੱਸਾ, ਖਿਝ ਤੇ ਨਫ਼ਰਤ ਪ੍ਰਧਾਨ ਹੈ।ਮੈਂ ਅਜਿਹੇ ਗੁੱਸੇ/ਸਾੜੇ/ਨਫ਼ਰਤ ਦਾ ਬੁਰਾ ਨਹੀਂ ਮਨਾਉਂਦਾ ਮੈਨੂੰ ਅਜਿਹਾ ਤਜਰਬਾ ਸਾਧ ਟੋਲਿਆਂ, ਮਕਲਾਊਡ ਦੇ ਸਾਥੀਆਂ, ਆਰੀਆ ਸਮਾਜੀਆਂ, ਸੰਘ ਦੇ ਸਾਥੀਆਂ ਅਤੇ ਨਿਜੀ ਮੁਖ਼ਾਲਫ਼ਾਂ ਦੇ ਹਮਲਿਆਂ ਤੋਂ ਕਈ ਵਾਰ ਹੋਇਆ ਹੈ; ਮੈਂ ਇਹੋ ਜਿਹੀ ਸੋਚ ਵਾਲੇ ਸੱਜਣਾਂ ਭਾਈਆਂ ਦੀਆਂ ਹਰਕਤਾਂ ‘ਤੇ ਸਿਰਫ਼ ਹੱਸ ਛੱਡਿਆ ਕਰਦਾ ਹਾਂ।”

 2. Essentially, Dr Dilgeer’s response to Verpal Singh is this:
  1. “ਉਨ੍ਹਾਂ ਨੇ ਗ਼ਲਤ ਬਿਆਨੀ ਕੀਤੀ ਹੋਈ ਸੀ ਕਿ ਮੈਂ ਬਾਲਾ ਨਾਂ ਦਾ ਸ਼ਖ਼ਸ ਗੁਰੂ ਨਾਨਕ ਸਾਹਿਬ ਦਾ ਸਾਥੀ ਲਿਖਿਆ ਹੈ ਜੋ ਕਿ ਗ਼ਲਤ ਹੈ, ਮੈਂ ਕਿਤੇ ਵੀ ਅਜਿਹਾ ਨਹੀਂ ਲਿਖਿਆ।”
  2. “(ਬੇਮਾਅਨਾ) ਬਹਿਸ ਸਿਰਫ਼ ਇਸ ਨੁਕਤੇ ਬਾਰੇ ਹੈ ਕਿ ਬਾਲਾ ਗੁਰੂ ਨਾਨਕ ਸਾਹਿਬ ਦਾ ਸਾਥੀ ਸੀ ਜਾਂ ਨਹੀਂ”
  3. “ਤੇ ਦੂਜਾ ਮੇਰੇ ਸ਼ੰਕੇ ਕਿ ‘ਜਾਪਦਾ ਹੈ ਕਿ ਕੋਈ ਅਸਲ ਬਾਲਾ ਜਨਮਸਾਖੀ ਹੋਵੇਗੀ’;”
  4. “ਇਕ ਹੋਰ ਥੋਥੀ ਦਲੀਲ ਉਨ੍ਹਾਂ ਨੇ ਦਿੱਤੀ ਹੈ ਕਿ ਗੁਰੁ ਨਾਨਕ ਸਾਹਿਬ ਦੀ ਜਨਮਸਾਖੀ ਗੁਰੂ ਅੰਗਦ ਸਾਹਿਬ ਨੇ ਕਿਉਂ ਲਿਖਵਾਈ ਜਦ ਕਿ ਸ੍ਰੀਚੰਦ ਤੇ ਲਖਮੀ ਦਾ ਮੌਜੂਦ ਸਨ, ਉਨ੍ਹਾਂ ਕਿਉਂ ਨਾ ਲਿਖਵਾਈ?”
  5. “ਪਹਿਲੀ ਗੱਲ ਤਾਂ ਵਰਪਾਲ ਸਿੰਘ ਜੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਦੋਵੇਂ ਬਿੰਦੀ ਪੁੱਤਰ ਬਾਪ ਦਾ ਕਹਿਣਾ ਨਾ ਮੰਨਣ ਵਾਲੇ ਨਾ ਲਾਇਕ ਬੱਚੇ ਸਨ; ਅਤੇ ਫਿਰ ਉਸ ਦੀ ਦਲੀਲ ਵਾਲਾ ਫ਼ਾਰਮੂਲਾ ਮੰਨ ਲਾਈਏ ਤਾਂ ਸਵਾਲ ਹੈ ਕਿ ਕੀ ਉਹ ਦੋਵੇਂ ਗੁਰੁ ਜੀ ਦੇ ਨਾਲ ਸਨ ਜੋ ਉਹ ਗੁਰੁ ਜੀ ਦੀਆਂ ਸਾਰੀਆਂ ਉਦਾਸੀਆਂ ਤੇ ਜੀਵਨ ਜਾਣਦੇ ਸਨ।”
  6. “ਫਿਰ, ਹੁਣ ਵੀ ਜੇ ਵਿਰਸੇ ਦੀ ਗੱਲ ਕਰਨੀ ਹੈ ਤਾਂ ਅਜ ਵੀ ਬੇਦੀ ਖ਼ਾਨਦਾਨ ਮੌਜੂਦ ਹੈ, ਉਹ ਗੁਰੁ ਨਾਨਕ ਸਾਹਿਬ ਦਾ ਜਨਮ ਕੱਤਕ ਹੀ ਮੰਨਦੇ ਹਨ। ਕਿਉਂ ਵਰਪਾਲ ਸਿੰਘ ਜੀ ਕੀ ਤੁਸੀਂ ਇਹ ਨਹੀਂ ਮੰਨਦੇ ਕਿ ਖ਼ਾਨਦਾਨ ਦੇ ਵਾਰਿਸਾਂ ਨੂੰ ਤਾਂ ਅਸਲ ਤਾਰੀਖ਼ ਪਤਾ ਹੋਵੇਗੀ!”

  Dr Dilgeer is being dishonest in characterising the above article of Verpal Singh in the way as summarised in these six points in his own words.
  1. Though Verpal Singh does not mention in the article anywhere (at least I could not find it) that Dr Dilgeer claimed Bhai Bala to be a companion of Guru Nanak. But funnily enough, while claiming that he (Dr Dilgeer) has never said that Bhai Bala was a companion of Guru Nanak, at number 5 above, he writes as to how Lakhmi Das or Sri Chand could have written Guru Nanak’s janamsakhi as both were not with Guru Nanak on his journeys! The implication of this statement of Dr Dilgeer is crystal clear – that Bhai Bala could write Guru Nanak’s janamsakhi as he (Bhai Bala) was with Guru Nanak on his journeys!
  2. Thus the second point of Dr Dilgeer’s response also stands discredited.
  3. Dr Dilgeer is also being dishonest to claim that his reference to “asal Janamsakhi Bhai Bala” was only a suspicion. His wording in his original article is unambiguous: “(ਕਿਉਂਕਿ ਉਸ ਨੇ ਹੰਦਾਲੀਆਂ ਵੱਲੋਂ ਤਿਆਰ ਕੀਤੀ ‘ਜਨਮ ਸਾਖੀ ਭਾਈ ਬਾਲਾ’ ਹੀ ਵੇਖੀ ਸੀ ਤੇ ਅਸਲ ਜਨਮਸਾਖੀ ਭਾਈ ਬਾਲਾ ਨਹੀਂ)।… … …ਇੱਥੇ ‘ਭਾਈ ਬਾਲੇ ਵਾਲੀ ਜਨਮ ਸਾਖੀ’ ਦੀ ਗੱਲ ਕਰਨੀ ਵੀ ਬਣਦੀ ਹੈ। ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੀ ਤਵਾਰੀਖ਼ (ਜਨਮਸਾਖੀ) ਲਿਖਵਾਈ ਸੀ। ਇਹ ਵਖਰੀ ਗੱਲ ਹੈ ਕਿ ਜੰਗਾਂ ਤੇ ਜ਼ੁਲਮਾਂ ਦੀ ਹੰਗਾਮੀ ਹਾਲਤ ਕਾਰਨ ਸਿੱਖ ਕੌਮ ਉਸ ਤਵਾਰੀਖ਼ (ਅਸਲ ਜਨਮ ਸਾਖੀ) ਨੂੰ ਸੰਭਾਲ ਨਹੀਂ ਸਕੀ। ਜਿਹੜੀ “ਭਾਈ ਬਾਲੇ ਵਾਲੀ ਜਨਮ ਸਾਖੀ” ਅੱਜ ਮਿਲਦੀ ਹੈ ਉਹ ਅਸਲੀ ਜਨਮ ਸਾਖੀ ਵਿਚ ਜੰਡਿਆਲਾ ਕਸਬੇ ਦੇ ਹੰਦਾਲੀਆਂ (ਬਿਧੀਚੰਦੀਆਂ) ਵੱਲੋਂ ਮਿਲਾਏ ਗਏ ਖੋਟ ਨਾਲ ਭਰਪੂਰ ਹੈ, ਉਨ੍ਹਾਂ ਕੋਲ ਅਸਲ ਜਨਮ ਸਾਖੀ ਮੌਜੂਦ ਸੀ ਜਿਸ ਨੂੰ ਉਨ੍ਹਾਂ ਨੇ ਵਿਗਾੜ ਕੇ ਤੇ ਉਸ ਵਿਚ ਖੋਟ ਸ਼ਾਮਿਲ ਕਰ ਕੇ, ਅਸਲ ਜਨਮਸਾਖੀ ਕਹਿ ਕੇ ਪ੍ਰਚਾਰਿਆ। ਪਰ, ਅਜਿਹਾ ਜਾਪਦਾ ਹੈ ਕਿ ਜਦ ਭਾਈ ਗੁਰਦਾਸ ਨੇ ਆਪਣੀ ਪਹਿਲੀ ਵਾਰ ਲਿਖੀ ਤਾਂ ਉਨ੍ਹਾਂ ਕੋਲ ਉਹ ਜਨਮ ਸਾਖੀ ਅਜੇ ਮੌਜੂਦ ਸੀ ਕਿਉਂ ਕਿ ਉਸ ਤੋਂ ਬਿਨਾਂ ਭਾਈ ਗੁਰਦਾਸ ਉਸ ਵਾਰ ਵਿਚ ਏਨੀ ਤਫ਼ਸੀਲ ਨਹੀਂ ਸਨ ਦੇ ਸਕਦੇ।”
  Clearly this is not a doubt but an unambiguous statement by Dr Dilgeer. However, we are glad that Dr Dilgeer now accepts that the existence of “asal Janamsakhi Bhai Bala” is “doubtful”!
  4. Point 4 again is an attempt by Dr Dilgeer to indulge in “straw man fallacy”. Verpal Singh in his response has not made any such statement about Sri Chand or Lakhmi Das.
  5. We have responded to point 5 at number 1 and will only add that Dr Dilgeer needs to read Verpal Singh’s response in detail and not misrepresent his statements and then “respond” to something that was not said.
  6. This again is superfluous as this is only an extension of the “straw man fallacy” employed by Dr Dilgeer.

  What Dr Dilgeer’s response tells us is that he is not big enough to accept that he made a mistake and humbly correct his mistake. Rather he would resort to “straw man fallacy” and risk further discrediting himself in the eyes’ of discerning and thinking Sikhs while trying to safeguard his following amongst those who accept his words at face value.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s